Chandigarh News: ਸੀਨੀਅਰ ਭਾਜਪਾ ਆਗੂ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇ ਉਹ ਮੋਹਾਲੀ ਨੂੰ ਸੱਚੀਂਮੁੱਚੀਂ ਸਮਾਰਟ ਸਿਟੀ ਵਜੋਂ ਵਿਕਸਤ ਕਰਨਾ ਲੋਚਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਸ਼ਹਿਰ ਵਿਚ ਸੜਕਾਂ ਉਤੇ ਖੁੱਲੇ ਸ਼ਰਾਬ ਦੇ ਠੇਕਿਆਂ ਤੇ ਅਹਾਤਿਆਂ ਨੂੰ ਮਾਰਕਿਟਾਂ ਵਿੱਚ ਭੇਜਣ ਦੇ ਹੁਕਮ ਦੇਣ। ਉਨ੍ਹਾਂ ਕਿਹਾ ਕਿ ਸੜਕਾਂ ਉਤੇ ਆਰਜੀ ਸ਼ੈਡ ਬਣਾ ਕੇ ਖੋਲ੍ਹੇ ਗਏ ਠੇਕੇ ਤੇ ਅਹਾਤੇ ਨੇੜਲੇ ਵਸਨੀਕਾਂ ਤੇ ਰਾਹਗੀਰਾਂ ਲਈ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਹਨ।

 

ਸਿੱਧੂ ਨੇ ਕਿਹਾ ਕਿ ਸਮੇਂ ਵਾਈਪੀਐਸ ਚੌਕ ਵਿਚ ਸੜਕ ਕਿਨਾਰੇ ਖੁੱਲਿਆ ਠੇਕਾ ਤੇ ਅਹਾਤਾ ਚੰਡੀਗੜ੍ਹ ਤੋਂ ਮੋਹਾਲੀ ਸ਼ਹਿਰ ਵਿਚ ਦਾਖਲ ਹੋਣ ਵਾਲੇ ਸ਼ਹਿਰੀਆਂ ਤੇ ਰਾਹਗੀਰਾਂ ਦਾ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਾਮ ਵੇਲੇ ਇਥੇ ਗਾਹਕਾਂ ਤੇ ਪਿਆਕੜਾਂ ਦੀਆਂ ਲੱਗਦੀਆਂ ਲੰਬੀਆਂ ਲਾਈਨਾਂ ਜਿਥੇ ਆਵਾਜਾਈ ਵਿੱਚ ਵਿਘਨ ਪਾਉਂਦੀਆਂ ਹਨ, ਉਥੇ ਨੌਜਵਾਨਾਂ ਖਾਸ ਕਰਕੇ ਬੱਚਿਆਂ ਦੀ ਅੱਲੜ ਮਾਨਸਿਕਤਾ ਉਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਸਿੱਧੂ ਨੇ ਕਿਹਾ ਅਜਿਹੀਆਂ ਥਾਵਾਂ ਉਤੇ ਕਿਸੇ ਵੇਲੇ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ।

 

ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਾਈ.ਪੀ.ਐਸ. ਚੌਕ ਤੋਂ ਬਿਨਾਂ, ਗੁਰਦੁਆਰਾ ਸਾਹਿਬ ਸੋਹਾਣਾ ਤੇ ਸੈਕਟਰ 69-70 ਦੀਆਂ ਲਾਈਟਾਂ ਨੇੜੇ ਆਰਜ਼ੀ ਸ਼ੈਡਾਂ ਵਿਚ ਚੱਲ ਰਹੇ ਠੇਕੇ ਲੋਕਾਂ ਲਈ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਉਹਨਾਂ ਕਿਹਾ ਕਿ ਇਥੇ ਨਿੱਤ-ਦਿਨ ਹੁੰਦੇ ਲੜਾਈ ਝਗੜੇ ਕਿਸੇ ਵੇਲੇ ਵੀ ਕਿਸੇ ਵੱਡੀ ਦੁਰਘਟਨਾ ਬਣ ਸਕਦੇ ਹਨ। ੳਹਨਾਂ ਕਿਹਾ ਕਿ ਇਸ ਲਈ ਪੇਸ਼ਗੀ ਕਦਮ ਚੁੱਕਦਿਆਂ ਸ਼ਹਿਰ ਦੇ ਸਾਰੇ ਠੇਕਿਆਂ ਅਤੇ ਅਹਾਤਿਆਂ ਨੂੰ ਅਧਿਕਾਰਤ ਮਾਰਕਿਟਾਂ ਵਿਚ ਤਬਦੀਲ ਕਰਨਾ ਚਾਹੀਦਾ ਹੈ।

 

ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਹ ਫੈਸਲਾ ਕਈ ਸਾਲ ਪਹਿਲਾਂ ਲੈ ਲਿਆ ਗਿਆ ਸੀ ਅਤੇ ਅੱਜ ਕੋਈ ਵੀ ਠੇਕਾ ਜਾਂ ਅਹਾਤਾ ਮਾਰਕਿਟਾਂ ਤੋਂ ਬਾਹਰ ਆਰਜ਼ੀ ਸ਼ੈਡਾਂ ਵਿਚ ਨਹੀਂ ਚੱਲ ਰਿਹਾ। ਉਹਨਾਂ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਾਰਜ ਕਰ ਦਿੰਦੇ ਹਨ ਤਾਂ ਮੋਹਾਲੀ ਨੂੰ ਸਮਾਰਟ ਸਿਟੀ ਬਣਾਉਣ ਵੱਲ ਉਹਨਾਂ ਦਾ ਇਹ ਪਹਿਲਾ ਸਾਰਥਿਕ ਕਦਮ ਹੋਵੇਗਾ।