ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਦੂਜਾ ਤੇ ਆਖਰੀ ਦਿਨ ਹੈ। ਅੱਜ ਸਦਨ ਵਿੱਚ ਅਹਿਮ ਬਿੱਲਾਂ ’ਤੇ ਮੋਹਰ ਲੱਗ ਸਕਦੀ ਹੈ। ਸਦਨ ਵਿੱਚ ਖੇਤੀ ਕਾਨੂੰਨਾਂ ਤੇ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਕੀਤੇ ਵਾਧੇ ਖਿਲਾਫ ਮਤੇ ਪੇਸ਼ ਹੋਣਗੇ। ਸੈਸ਼ਨ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚ ਪੰਜਾਬ ਭਾਸ਼ਾ ਬਾਰੇ ਐਕਟ ਵਿੱਚ ਸੋਧਾਂ ਦਾ ਬਿੱਲ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸਮੇਤ ਬਿੱਲ ਸਦਨ ਵਿੱਚ ਪੇਸ਼ ਹੋਣਗੇ। ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਇਹ ਆਖ਼ਰੀ ਸੈਸ਼ਨ ਹੈ ਤੇ ਸਰਕਾਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਅਹਿਮ ਵਿਧਾਨਕ ਕੰਮਕਾਰ ਇਸੇ ਸੈਸ਼ਨ ਵਿੱਚ ਲੈ ਕੇ ਆਵੇਗੀ।
ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਕੀਤੇ ਵਾਧੇ ਖਿਲਾਫ ਮਤਾ ਪੇਸ਼ ਹੋਵੇਗਾ। ਇਸੇ ਤਰ੍ਹਾਂ ਕਿਸਾਨ ਘੋਲ ਦੌਰਾਨ ਸਮਾਜਿਕ ਕਾਰਕੁਨਾਂ ਤੇ ਹੋਰਨਾਂ ’ਤੇ ਹੋਏ ਤਸ਼ੱਦਦ ਦੇ ਮਾਮਲੇ ’ਤੇ ਰਿਪੋਰਟ ਪੇਸ਼ ਹੋਵੇਗੀ। ਸਦਨ ਵਿੱਚ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਤਰਫੋਂ ਅਲੱਗ ਅਲੱਗ ਮਾਮਲਿਆਂ ’ਤੇ ਸੱਤ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਐਫੀਲੀਏਟਿਡ ਕਾਲਜਾਂ ਨਾਲ ਸਬੰਧਤ ਬਿੱਲ ਵੀ ਪੇਸ਼ ਹੋਣਾ ਹੈ। ਚਰਚੇ ਇਹ ਵੀ ਚੱਲ ਰਹੇ ਹਨ ਕਿ ਵਿਧਾਨ ਸਭਾ ਦੇ ਸੈਸ਼ਨ ਵਿੱਚ ਇੱਕ ਦਿਨ ਦਾ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ ਜਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਉਧਰ, ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਬੇਰੁਜ਼ਗਾਰੀ ਦੇ ਮਾਮਲੇ ’ਤੇ ਘੇਰਨ ਦੀ ਤਿਆਰੀ ਕਰ ਲਈ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਤੇ ਮੀਤ ਹੇਅਰ ਨੇ ਚੰਨੀ ਸਰਕਾਰ ਕੋਲੋਂ ਸੂਬੇ ਦੇ ਕੁੱਲ ਬੇਰੁਜ਼ਗਾਰਾਂ ਦੀ ਗਿਣਤੀ, ਬੇਰੁਜ਼ਗਾਰੀ ਭੱਤਾ ਹਾਸਲ ਕਰ ਰਹੇ ਬੇਰੁਜ਼ਗਾਰਾਂ ਦੇ ਜ਼ਿਲ੍ਹਾ ਪੱਧਰੀ ਅੰਕੜੇ, ਵੱਖ-ਵੱਖ ਵਿਭਾਗਾਂ ’ਚ ਠੇਕਾ ਤੇ ਆਊਟਸੋਰਸਿੰਗ ਤਹਿਤ ਨੌਕਰੀ ਕਰ ਰਹੇ ਕੱਚੇ ਮੁਲਾਜ਼ਮਾਂ ਦੀ ਗਿਣਤੀ, ਸਰਕਾਰੀ ਕਾਲਜਾਂ ’ਚ ਕਈ ਸਾਲਾਂ ਤੋਂ ਬਤੌਰ ਗੈਸਟ ਫੈਕਲਟੀ ਸੇਵਾਵਾਂ ਦੇ ਰਹੇ ਅਧਿਆਪਕਾਂ ਸਮੇਤ ਪਿੱਛਲੇ ਪੌਣੇ ਪੰਜ ਸਾਲਾਂ ’ਚ ਕੀਤੀ ਨਵੀਂ ਭਰਤੀ ਤੇ ਪੱਕੇ ਕੀਤੇ ਕੱਚੇ ਮੁਲਾਜ਼ਮਾਂ ਦੀ ਵਿਭਾਗੀ ਪੱਧਰ ’ਤੇ ਗਿਣਤੀ ਬਾਰੇ ‘ਵਾਈਟ ਪੇਪਰ’ ਜਾਰੀ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਅਧਿਐਨ 'ਚ ਹੋਇਆ ਖੁਲਾਸਾ ਹਾਰਟ ਅਟੈਕ ਬਾਰੇ ਇਹ ਖੁਲਾਸਾ, ਜਾਣੋ ਕਦੋਂ ਹੁੰਦਾ ਹੈ ਘੱਟ ਰਿਸਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin