ਸੰਗਰੂਰ: ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸੰਗਰੂਰ ਬੱਸ ਸਟੈਂਡ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਬੱਸ ਸਟੈਂਡ ਤੇ ਸਰਕਾਰੀ ਬੱਸਾਂ ਦਾ ਮੁਆਇਨਾ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਜਾਣਨ ਲਈ ਮੈਨੂੰ ਆਮ ਲੋਕਾਂ ਵਾਂਗ ਹੀ ਸਰਕਾਰੀ ਬੱਸਾਂ 'ਚ ਸਫ਼ਰ ਕਰਨਾ ਪਏਗਾ।



ਰਾਜਾ ਵੜਿੰਗ ਨੇ ਕਿਹਾ, "ਪਹਿਲਾਂ ਮੈਂ ਆਮ ਲੋਕਾ, ਡਰਾਈਵਰਾਂ ਦੀਆਂ ਤਕਲੀਫਾਂ ਸੁਣਾਂਗਾ ਤੇ ਫਿਰ ਹੱਲ ਕੀਤੀਆਂ ਜਾਣਗੀਆਂ। ਪੰਜਾਬ ਦੇ ਕਾਫੀ ਬੱਸ ਅੱਡਿਆਂ 'ਤੇ ਸਫਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ।" ਟਰਾਂਸਪੋਰਟ ਮਾਫੀਆ ਤੇ 15 ਦਿਨਾਂ ਅੰਦਰ ਨੱਥ ਪਾਉਣ ਦਾ ਦਾਅਵਾ ਕਰਦੇ ਵੜਿੰਗ ਨੇ ਕਿਹਾ ਕਿ, "ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ 100 ਕਰੋੜ ਦੇ ਸਾਰੇ ਟੈਕਸ ਬਕਾਇਆ ਹਨ, ਜੇਕਰ ਅਦਾਇਗੀ ਨਹੀਂ ਕੀਤੀ ਗਈ ਤਾਂ ਉਨ੍ਹਾਂ ਦੀਆਂ ਟਰਾਂਸਪੋਰਟ ਕੰਪਨੀਆਂ ਜਲਦੀ ਹੀ ਬੰਦ ਹੋ ਜਾਣਗੀਆਂ।"

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 800 ਨਵੀਆਂ ਸਰਕਾਰੀ ਬੱਸਾਂ ਦੇ ਟੈਂਡਰ ਟਾਟਾ ਕੰਪਨੀ ਨਾਲ ਪਾਸ ਕੀਤੇ ਗਏ ਹਨ ਤੇ ਜਲਦੀ ਹੀ 400 ਬੱਸਾਂ ਪੰਜਾਬ ਦੀਆਂ ਸੜਕਾਂ 'ਤੇ ਲਾਂਚ ਕੀਤੀਆਂ ਜਾਣਗੀਆਂ ਤੇ ਪੰਜਾਬ ਵਿੱਚ ਬੰਦ ਰੂਟਾਂ' ਤੇ ਬੱਸਾਂ ਚਲਾਈਆਂ ਜਾਣਗੀਆਂ।

ਕੈਬਨਿਟ ਮੰਤਰੀ ਨੇ ਕਿਹਾ, "PRTC ਤੇ PUNBUS ਕਰਮਚਾਰੀ ਲੰਮੇ ਸਮੇਂ ਤੋਂ ਹੜਤਾਲ 'ਤੇ ਸਨ, ਪਰ ਹੁਣ ਉਨ੍ਹਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ, ਉਨ੍ਹਾਂ ਦੀ ਤਨਖਾਹ ਵਿੱਚ 40% ਦਾ ਵਾਧਾ ਕੀਤਾ ਜਾਵੇਗਾ ਤੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਬੱਸ ਦੇ ਰੁਜ਼ਗਾਰ 'ਤੇ ਵੀ ਲਾਇਆ ਜਾਵੇਗਾ।" ਉਨ੍ਹਾਂ ਅੱਗੇ ਕਿਹਾ, "ਜੇਕਰ ਕੋਈ ਵੀ ਕਰਮਚਾਰੀ ਟਰਾਂਸਪੋਰਟ ਵਿਭਾਗ 'ਚ ਭ੍ਰਿਸ਼ਟ ਹੈ ਤਾਂ ਮੇਰੇ ਵੱਲੋਂ ਸਬੂਤ ਮਿਲਣ ਦੇ ਬਾਅਦ ਉਸੇ ਸਮੇਂ ਕਾਰਵਾਈ ਕੀਤੀ ਜਾਵੇਗੀ।"