Barnala News: ਪੰਜਾਬ ਵਿੱਚ ਚੌਲ ਮਿੱਲ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ। ਇਸ ਸਬੰਧ ਵਿੱਚ ਜ਼ਿਲ੍ਹਾ ਬਰਨਾਲਾ ਸੈਲਰ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਆਪਣੇ ਸੈਲਰਾਂ ਬੰਦ ਕਰਕੇ ਰੋਸ ਵਜੋਂ ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਨੂੰ ਸੈਲਰਾਂ ਦੀਆਂ ਚਾਬੀਆਂ ਸੌਂਪ ਦਿੱਤੀਆਂ। ਰਾਈਸ ਮਿੱਲ ਮਾਲਕ ਪੰਜਾਬ ਸਰਕਾਰ ਤੋਂ ਚੌਲ ਮਿੱਲਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਦੀ ਮੰਗ ਕਰ ਰਹੀ ਹੈ।
ਦੱਸ ਦਈਏ ਕਿ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੀਆਂ ਰਾਈਸ ਮਿੱਲਾਂ ਨੂੰ ਦਰਪੇਸ਼ ਪੁਰਾਣੀਆਂ ਮੁਸ਼ਕਲਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਹੜਤਾਲ ਚੱਲ ਰਹੀ ਹੈ। ਇਸ ਦੇ ਚੱਲਦਿਆਂ ਜ਼ਿਲ੍ਹਾ ਬਰਨਾਲਾ ਦੇ ਰਾਈਸ ਮਿੱਲਰ ਜਥੇਬੰਦੀ ਵੱਲੋਂ ਸਮੂਹ ਚੌਲ ਮਿੱਲਾਂ ਦੇ ਮਾਲਕਾਂ ਨੇ ਆਪਣੀਆਂ ਚਾਵਲ ਮਿੱਲਾਂ ਨੂੰ ਤਾਲੇ ਲਗਾ ਕੇ ਮਿੱਲਾਂ ਦੀਆਂ ਚਾਬੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ। ਚਾਬੀਆਂ ਸੌਂਪਣ ਤੋਂ ਬਾਅਦ ਸ਼ੈਲਰ ਮਾਲਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਕਰਕੇ ਉਹ ਤੰਗ ਆ ਕੇ ਹੜਤਾਲ ਉਪਰ ਹਨ।
ਉਨ੍ਹਾਂ ਨੇ ਝੋਨੇ ਸੀਜ਼ਨ ਦਾ ਮਾਲ ਸ਼ੈਲਰਾਂ ਵਿੱਚ ਲਾਉਣ ਤੋਂ ਮਨਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੈਲਰਾਂ ਵਿੱਚ ਝੋਨੇ ਦੀ ਘਟੀ ਕੁਆਲਿਟੀ ਦਾ ਜ਼ਿੰਮਾ ਸ਼ੈਲਰ ਮਾਲਕਾਂ ਸਿਰ ਪਾ ਦਿੱਤਾ ਜਾ ਰਿਹਾ ਹੈ। ਜਦਕਿ ਇਸ ਵਿੱਚ ਸਾਡਾ ਕੋਈ ਰੋਲ ਹੀ ਨਹੀਂ। ਅਸੀਂ ਸਿਰਫ ਜੀਰੀ ਵਿੱਚੋਂ ਚੌਲ ਕੱਢ ਕੇ ਸਰਕਾਰ ਹਵਾਲੇ ਕਰਨਾ ਹੈ। ਮੰਡੀਆਂ ਵਿੱਚੋਂ ਵੱਧ ਨਮੀ ਵਾਲੇ ਆ ਰਹੇ ਝੋਨੇ ਕਾਰਨ ਨੁਕਸਾਨ ਉਨ੍ਹਾਂ ਸਿਰ ਪਾਇਆ ਜਾ ਰਿਹਾ ਹੈ। ਇਸ ਕਰਕੇ ਉਨ੍ਹਾਂ ਨੇ ਸ਼ੈਲਰਾਂ ਵਿੱਚ ਝੋਨਾ ਲਗਾਉਣ ਤੋਂ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ ਕਿ ਸਰਕਾਰ ਤੇ ਪ੍ਰਸ਼ਾਸਨ ਧੱਕੇ ਨਾਲ ਉਨ੍ਹਾਂ ਦੇ ਸ਼ੈਲਰਾਂ ਵਿੱਚ ਝੋਨਾ ਲਗਾਉਣਾ ਚਾਹੁੰਦੇ ਹਨ। ਇਸ ਕਰਕੇ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਸ਼ੈਲਰਾਂ ਦੀਆਂ ਚਾਬੀਆਂ ਪ੍ਰਸ਼ਾਸਨ ਹਵਾਲੇ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਨਾਮ ਅੱਜ ਉਨ੍ਹਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ। ਜ਼ਿਲ੍ਹਾ ਬਰਨਾਲਾ ਦੇ ਸ਼ੈਲਰ ਮਾਲਕਾਂ ਨੇ ਡੀਸੀ ਬਰਨਾਲਾ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਕੀਤੀ ਕਿ ਉਹ ਪੰਜਾਬ ਦੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ। ਜਦੋਂ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ, ਇਹ ਹੜਤਾਲ ਨਿਰੰਤਰ ਜਾਰੀ ਰਹੇਗੀ ਤੇ ਉਨ੍ਹਾਂ ਦਾ ਇੱਕ ਦਾਣਾ ਵੀ ਨਹੀਂ ਸ਼ੈਲਰਾਂ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ।