ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਦਿੱਤੇ ਜਾ ਰਹੇ ਧਰਨਿਆਂ ਨੂੰ 10 ਮਹੀਨੇ ਦਾ ਸਮਾਂ ਹੋ ਗਿਆ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਸ ਨੂੰ ਪੰਜਾਬ ਵਿੱਚ ਚੰਗਾ ਹੁੰਗਾਰਾ ਮਿਲਿਆ।


ਖੰਨਾ: ਭਾਰ ਬੰਦ ਨੂੰ ਫਤਹਿਗੜ੍ਹ ਸਾਹਿਬ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਫਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਰੋਡ ਜਾਮ ਕਰਕੇ ਧਰਨੇ ਲਾਏ ਗਏ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਭਾਰਤ ਬੰਦ ਦੌਰਾਨ ਮੈਡੀਕਲ ਸਹੂਲਤਾਂ ਨੂੰ ਛੋਟ ਦਿੱਤੀ ਗਈ ਹੈ ਤੇ ਐਂਬੂਲੈਂਸ  ਦੇ ਲੰਘਣ ਲਈ ਰਸਤਾ ਰੱਖਿਆ ਗਿਆ ਹੈ।


ਮੋਗਾ: ਮੋਗਾ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਮੋਗਾ ਦੀਆਂ ਤਕਰੀਬਨ 7 ਜਗ੍ਹਾ ਉੱਤੇ ਨੈਸ਼ਨਲ ਹਾਈਵੇ ਕਿਸਾਨਾਂ ਨੇ ਬੰਦ ਕਰ ਦਿੱਤਾ ਤੇ ਰੇਲਵੇ ਲਾਈਨ ਵੀ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਮੋਗਾ ਦੇ ਬਾਜ਼ਾਰ ਅੱਜ ਪੂਰਨ ਰੂਪ ਵਿੱਚ ਸਵੇਰ ਤੋਂ ਬੰਦ ਦੇਖਣ ਨੂੰ ਮਿਲੇ। ਮੋਗਾ ਦੀ ਜਨਤਾ ਨੇ ਬੰਦ ਨੂੰ ਪੂਰਾ ਸਮਰਥਨ ਦਿੱਤਾ।


ਗੁਰਦਾਸਪੁਰ: ਮਾਝਾ ਕਿਸਾਨ ਮਜਦੂਰ ਸੰਗਰਸ਼ ਕਮੇਟੀ ਵੱਲੋਂ ਅੰਮ੍ਰਿਤਸਰ-ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਸਰਕਾਰ ਖਿਲ਼ਾਫ ਪ੍ਰਦਰਸ਼ਨ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਸਵੇਰੇ 6 ਵਜੇ ਦੀ ਜਾਮ ਕਰ ਦਿੱਤਾ ਗਿਆ ਸੀ। ਇਸ ਪ੍ਰਦਰਸ਼ਨ ਵਿੱਚ ਵੱਡੀ ਤਦਾਦ ਵਿੱਚ ਕਿਸਾਨ ਇਕੱਠੇ ਹੋਏ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਹੈ ਪਰ ਚੰਨੀ ਸਕਰਾਰ ਕਿਸਾਨਾਂ ਨਾਲ ਨਹੀਂ, ਕਿਉਂਕਿ ਪੰਜਾਬ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ।


ਲੁਧਿਆਣਾ: ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਸੱਦੇ ਦਾ ਲੁਧਿਆਣਾ ਵਿੱਚ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਿਸਾਨਾਂ ਦੇ ਸਮਰਥਨ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿੱਚ ਧਰਨੇ ਲਾਏ ਗਏ। ਉੱਥੇ ਹੀ ਸ਼ਹਿਰ ਦੇ ਪ੍ਰਮੁੱਖ ਚੌੜਾ ਬਾਜ਼ਾਰ ਵਿੱਚ ਆਪਣੀਆਂ ਦੁਕਾਨਾਂ ਬਾਹਰ ਖੜ੍ਹੇ ਦੁਕਾਨਦਾਰ ਮਾਯੂਸ ਨਜ਼ਰ ਆਏ।


ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਤੋਂ ਕੋਰੋਨਾ ਮਹਾਂਮਾਰੀ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਕਿਸਾਨਾਂ ਦਾ ਸੰਘਰਸ਼ ਸਹੀ ਹੈ ਤੇ ਇਸ ਲਈ ਸਿਆਸਤ ਕਸੂਰਵਾਰ ਹੈ ਪਰ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਵਿਰੁੱਧ ਸੰਘਰਸ਼ ਕਰਦੇ ਰਹਿਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਕਿਸੇ ਵੀ ਪੱਧਰ ਤੇ ਧਰਨੇ ਪ੍ਰਦਰਸ਼ਨ ਕਰਨੇ ਪੈਣ।


ਇਹ ਵੀ ਪੜ੍ਹੋ: Bharat Bandh: ਅੰਮ੍ਰਿਤਸਰ ਮੁਕੰਮਲ ਬੰਦ, ਸੜਕੀ ਤੇ ਰੇਲਵੇ ਆਵਾਜਾਈ ਰੁਕਣ ਨਾਲ ਜਨਤਾ ਪ੍ਰੇਸ਼ਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904