ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਫਸਰਾਂ ਨੂੰ ਤਲਬ ਕਰਨ ਦਾ ਮਾਮਲਾ ਗਰਮਾ ਗਿਆ ਹੈ। ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਘੇਰ ਰਹੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਦੀ ਤੁਰੰਤ ਕਾਨੂੰਨੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।


ਪਰਗਟ ਸਿੰਘ ਨੇ ਫੇਸਬੁੱਕ ਉੱਪਰ ਪੋਸਟ ਪਾਉਂਦਿਆ ਕਿਹਾ ਹੈ ਕਿ ਇੱਕ ਗੀਤ ਨੂੰ ਮੁੱਦਾ ਬਣਾ ਕੇ ਖੇਡਾਂ ਖੇਡਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਤੁਰੰਤ ਇਹ ਸਪੱਸ਼ਟ  ਕਰਨਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿਸ ਸਮਰੱਥਾ ਤਹਿਤ ਪੰਜਾਬ ਦੇ ਮੁੱਖ ਸਕੱਤਰ ਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਸੀ? ਉਨ੍ਹਾਂ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਨਹੀਂ ਭਗਵੰਤ ਮਾਨ ਹੈ।


ਪਰਗਟ ਸਿੰਘ ਨੇ ਅੱਗੇ ਲਿਖਿਆ ਹੈ ਕਿ ਜਿੱਥੇ ਇਹ ਪੰਜਾਬ ਸਰਕਾਰ ਤੇ ਪ੍ਰਬੰਧਕੀ ਢਾਂਚੇ 'ਤੇ ਵੱਡਾ ਡਾਕਾ ਹੈ, ਉੱਥੇ ਹੀ ਇਹ ਪੰਜਾਬ ਦੇ ਫਤਵੇ ਤੇ ਲੋਕਾਂ ਨਾਲ ਧੋਖਾ ਹੈ। ਇਸ ਦੀ ਤੁਰੰਤ ਕਾਨੂੰਨੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।



ਦਰਅਸਲ ਪੰਜਾਬ 'ਚ ਖਪਤਕਾਰਾਂ ਨੂੰ ਮੁਫਤ ਬਿਜਲੀ ਦੇਣ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਮੀਟਿੰਗ ਵਿੱਚ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਨਾ ਹੀ ਬਿਜਲੀ ਮੰਤਰੀ ਮੌਜੂਦ ਸਨ। ਇਸ ਲਈ ਵਿਰੋਧੀ ਧਿਰਾਂ ਨੂੰ ਮੌਕਾ ਮਿਲ ਗਿਆ ਹੈ।


ਹਾਲਾਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਤੇ ਮੁਫਤ ਬਿਜਲੀ 'ਤੇ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ 'ਚ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੀ 'ਆਪ' ਲੀਡਰਸ਼ਿਪ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ।


ਸੋਮਵਾਰ ਨੂੰ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਊਰਜਾ ਸਕੱਤਰ ਦਲੀਪ ਕੁਮਾਰ ਤੇ ਪੀਐਸਪੀਸੀਐਲ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਸੂਬੇ ਵਿੱਚ ਮੁਫ਼ਤ ਬਿਜਲੀ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ।


ਇਸ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਦਿੱਲੀ ਦੇ ਮੰਤਰੀ ਸਤੇਂਦਰ ਜੈਨ, ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ। ਇਸ ਦੇ ਨਾਲ ਹੀ ਪੰਜਾਬ ਵਿੱਚ ਮੁਫਤ ਬਿਜਲੀ ਦੇਣ ਦੇ ਫੈਸਲੇ ਨੂੰ ਲੈ ਕੇ ਬੁਲਾਈ ਗਈ ਮੀਟਿੰਗ ਵਿੱਚ ਸੂਬੇ ਦੇ ਮੁੱਖ ਮੰਤਰੀ ਸਮੇਤ ਕੋਈ ਵੀ ਵੱਡਾ ਆਗੂ ਸ਼ਾਮਲ ਨਹੀਂ ਹੋਇਆ।


ਇਹ ਵੀ ਪੜ੍ਹੋ: Punjab News: ਪਹਿਲਾਂ ਹੀ ਕਿਹਾ ਸੀ ਪੰਜਾਬ ਸਰਕਾਰ ਦਿੱਲੀ ਤੋਂ ਹੀ ਚੱਲੇਗੀ, ਉਹ ਗੱਲ ਸੱਚ ਸਾਬਤ ਹੋਈ: ਦਲਜੀਤ ਚੀਮਾ