ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਹੁਣ ਡੈਮੇਜ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਰਾਜਾ ਵੜਿੰਗ ਦੀ ਨਿਯੁਕਤੀ ਤੋਂ ਬਾਅਦ ਸੂਬੇ ਵਿੱਚ ਕਾਂਗਰਸ ਪਾਰਟੀ ਦਾ ਰਵੱਈਆ ਬਦਲਿਆ ਨਜ਼ਰ ਆ ਰਿਹਾ ਹੈ। ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।



ਇਸ ਤੋਂ ਪਹਿਲਾਂ ਰਾਜਾ ਵੜਿੰਗ, ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੂਬਾ ਕਾਂਗਰਸ ਕਮੇਟੀ ਦੇ ਕੁਝ ਹੋਰ ਅਹੁਦੇਦਾਰਾਂ ਨੇ ਦਿੱਲੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ ਦੌਰਾਨ ਰਾਜਾ ਵੜਿੰਗ ਤੇ ਬਾਜਵਾ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਵਿਧਾਇਕ ਦਲ ਦੇ ਉਪ ਨੇਤਾ ਰਾਜ ਕੁਮਾਰ ਚੱਬੇਵਾਲ ਤੇ ਸੂਬਾ ਇੰਚਾਰਜ ਹਰੀਸ਼ ਚੌਧਰੀ ਮੌਜੂਦ ਸਨ।

ਇਸ ਮੀਟਿੰਗ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਸੂਬੇ ਵਿੱਚ ਰਵੱਈਆ ਬਦਲਣ ਦੇ ਸੰਕੇਤ ਦਿੱਤੇ ਗਏ। ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਅਨੁਸ਼ਾਸਨ ਤੋੜਨ ਵਾਲਿਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।

ਕਾਂਗਰਸ ਪਾਰਟੀ ਹਰਕਤ 'ਚ

ਬਾਅਦ ਵਿੱਚ ਰਾਜਾ ਵੜਿੰਗ ਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨਾਲ ਮੁਲਾਕਾਤ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਹੁਲ ਜੀ ਸਾਡੇ ਨੇਤਾ ਹਨ ਤੇ ਅਸੀਂ ਉਨ੍ਹਾਂ ਨਾਲ ਇਹ ਸ੍ਰਿਸ਼ਟਾਚਾਰ ਮੁਲਾਕਾਤ ਕੀਤੀ।

ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਫੇਰਬਦਲ ਕੀਤਾ ਗਿਆ ਹੈ। ਇਸ ਚੋਣ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਲੀਡਰਸ਼ਿਪ ਦੇ ਕਹਿਣ 'ਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਪਾਰਟੀ ਨੇ ਉਨ੍ਹਾਂ ਆਗੂਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਪਿਛਲੇ ਕੁਝ ਸਮੇਂ ਤੋਂ ਪਾਰਟੀ ਖ਼ਿਲਾਫ਼ ਬਾਗੀ ਰਵੱਈਆ ਅਪਣਾਇਆ ਹੋਇਆ ਸੀ।