ਨਵੀਂ ਦਿੱਲੀ: ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 203 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਭਾਰਤ ਦੀਆਂ 272 ਦੌੜਾਂ ਦੇ ਜਵਾਬ ਵਿੱਚ ਪਾਕਿਸਤਾਨੀ ਟੀਮ ਸਿਰਫ 69 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਜਿੱਤ ਦਾ ਹੀਰੋ ਮੁਹਾਲੀ ਦਾ ਸ਼ੁਭਮਨ ਗਿੱਲ ਰਿਹਾ। ਫਾਈਨਲ ਵਿੱਚ ਪੁੱਜੀ ਭਾਰਤੀ ਟੀਮ ਹੁਣ ਆਸਟ੍ਰੇਲੀਆ ਨਾਲ ਭਿੜੇਗੀ। ਬੱਲੇਬਾਜ਼ ਸ਼ੁਭਮਨ ਗਿੱਲ ਨੇ ਨਾਬਾਦ 102 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 273 ਦੌੜਾਂ ਦਾ ਵੱਡਾ ਟੀਚਾ ਦੇਣ ਵਿੱਚ ਮਦਦ ਕੀਤੀ। ਆਈ.ਸੀ.ਸੀ. ਅੰਡਰ-19 2018 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਵੀ ਮੁਹਾਲੀ ਦਾ ਸ਼ੁਭਮਨ ਹੀ ਬਣ ਗਿਆ ਹੈ। ਸ਼ੁਭਮਨ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾਈਆਂ। ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਨੇ ਪਾਕਿਸਤਾਨੀ ਟੀਮ ਨੂੰ ਚੰਗਾ ਵਖ਼ਤ ਪਾਇਆ। 10 ਦੌੜਾਂ 'ਤੇ ਪੋਰੇਲ ਨੇ ਮੁਹੰਮਦ ਜ਼ਈਦ ਨੂੰ ਆਊਟ ਕੀਤਾ। ਫਿਰ ਉਸ ਤੋਂ ਬਾਅਦ ਇੱਕ ਤੋਂ ਮਗਰੋਂ ਇੱਕ ਵਿਰੋਧੀ ਟੀਮ ਦੇ ਸਾਰੇ ਖਿਡਾਰੀ ਆਊਟ ਹੁੰਦੇ ਗਏ। ਪੋਰੇਲ ਨੇ ਚੰਗੀ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ 6 ਓਵਰਾਂ ਵਿੱਚ 17 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਸ਼ਿਵਾ ਸਿੰਘ ਤੇ ਰਿਆਨ ਪਰਾਗ ਨੇ 2-2 ਤੇ ਅਨੁਕੂਲ ਤੇ ਅਭਿਸ਼ੇਕ ਸ਼ਰਮਾ ਨੇ 1-1 ਵਿਕਟ ਹਾਸਲ ਕੀਤੇ।