Sikh Couple found guilty of forcing kin into labour: ਅਮਰੀਕਾ ਵਿੱਚ ਪੰਜਾਬੀ ਜੋੜੇ ਨੂੰ ਆਪਣੇ ਰਿਸ਼ਤੇਦਾਰ ਉੱਪਰ ਤਸ਼ੱਦਦ ਕਰ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕੇਸ ਵਿੱਚ 8 ਮਈ ਨੂੰ ਸਜ਼ਾ ਸੁਣਾਈ ਜਾਏਗੀ। ਕਾਨੂੰਨਾ ਜਾਣਕਾਰਾਂ ਮੁਤਾਬਕ ਇਸ ਕੇਸ ਵਿੱਚ ਜੋੜੇ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ।


ਹਾਸਲ ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਸਿੱਖ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਉਨ੍ਹਾਂ ਦੇ ਸਟੋਰ ਵਿੱਚ ਜ਼ਿਆਦਾ ਘੰਟੇ ਕੰਮ ਕਰਨ ਲਈ ਮਜਬੂਰ ਕਰਨ, ਸਰੀਰਕ ਸ਼ੋਸ਼ਣ, ਧਮਕੀਆਂ ਦੇਣ ਤੇ ਉਸ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ (30) ਤੇ ਕੁਲਬੀਰ ਕੌਰ (43) ਵਜੋਂ ਹੋਈ ਹੈ। 


ਕੇਸ ਮੁਤਾਬਕ ਜਿਸ ਵੇਲੇ ਲੜਕਾ ਅਮਰੀਕਾ ਆਇਆ ਸੀ ਤਾਂ ਉਹ ਨਾਬਾਲਗ ਸੀ। ਉਸ ਨੂੰ ਅਮਰੀਕਾ ’ਚ ਪੜ੍ਹਾਉਣ ਦਾ ਵਾਅਦਾ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਅਮਰੀਕਾ ਪਹੁੰਚਣ ਤੋਂ ਬਾਅਦ ਜੋੜੇ ਨੇ ਲੜਕੇ ਦੇ ਇਮੀਗ੍ਰੇਸ਼ਨ ਦਸਤਾਵੇਜ਼ ਲਏ ਤੇ ਉਸ ਨੂੰ ਤੁਰੰਤ ਕੰਮ ‘ਤੇ ਲਗਾ ਦਿੱਤਾ। 


ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪੀੜਤ ਨੂੰ ਕਈ ਦਿਨਾਂ ਤੱਕ ਸਟੋਰ ਦੇ ਅੰਦਰ ਇੱਕ ਦਫਤਰ ਵਿੱਚ ਸੌਣ ਲਈ ਮਜਬੂਰ ਕੀਤਾ ਗਿਆ। ਉਸ ਨੂੰ ਰੋਟੀ ਤੱਕ ਨਹੀਂ ਦਿੱਤੀ ਗਈ। ਜੋੜੇ ਨੇ ਉਸ ਦੀ ਭਾਰਤ ਵਾਪਸ ਭੇਜਣ ਦੀ ਬੇਨਤੀ ਨੂੰ ਵੀ ਠੁਕਰਾ ਦਿੱਤਾ ਤੇ ਉਸ ਨੂੰ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਰਹਿਣ ਲਈ ਮਜਬੂਰ ਕਰ ਦਿੱਤਾ। ਕਈ ਵਾਰ ਉਸ ਨੂੰ ਕੁੱਟਿਆ ਵੀ ਗਿਆ ਤੇ ਬੰਦੂਕ ਦਿਖਾ ਕੇ ਡਰਇਆ ਵੀ ਗਿਆ। 


ਸਰਕਾਰੀ ਵਕੀਲਾਂ ਨੇ ਕਿਹਾ ਕਿ ਦੁਰਵਿਵਹਾਰ ਤੇ ਜ਼ਬਰਦਸਤੀ ਮਜ਼ਦੂਰੀ ਮਾਰਚ 2018 ਵਿੱਚ ਸ਼ੁਰੂ ਹੋਈ ਤੇ ਮਈ 2021 ਤੱਕ ਜਾਰੀ ਰਹੀ। ਹੁਣ ਸਜ਼ਾ ਦੀ ਸੁਣਵਾਈ 8 ਮਈ ਨੂੰ ਤੈਅ ਕੀਤੀ ਗਈ ਹੈ। ਜੋੜੇ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, ਪੰਜ ਸਾਲ ਦੀ ਨਿਗਰਾਨੀ ਹੇਠ ਰਿਹਾਈ, 250,000 ਡਾਲਰ ਤੱਕ ਦਾ ਜੁਰਮਾਨਾ ਤੇ ਜ਼ਬਰਦਸਤੀ ਮਜ਼ਦੂਰੀ ਦੇ ਦੋਸ਼ ਲਈ ਲਾਜ਼ਮੀ ਮੁਆਵਜ਼ੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।