ਲੁਧਿਆਣਾ: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਜਿਥੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਨੇ ਖਾਲਿਸਤਾਨ ਦੇ ਨਾਅਰੇ ਲਾਉਂਦਿਆਂ ਅਕਾਲ ਤਖ਼ਤ ਦੇ ਬਾਹਰ ਖਾਲਿਸਤਾਨ ਦਾ ਝੰਡਾ ਫਹਿਰਾਇਆ ਉਥੇ ਹੀ ਕਾਂਗਰਸ ਨੇ ਇਸ ਮੌਕੇ ਲੁਧਿਆਣਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਸਥਾਪਤ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਵੱਲੋਂ ਇੰਦਰਾ ਗਾਂਧੀ ਦਾ ਬੁੱਤ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਵੇਲੇ ਅਕਾਲੀ ਦਲ ਸਣੇ ਕੁੱਝ ਕੱਟੜਪੰਥੀਆਂ ਨੇ ਇਸ ਗੱਲ 'ਤੇ ਤਿੱਖਾ ਪ੍ਰਤੀਕਰਮ ਜਤਾਇਆ ਸੀ। ਇਥੋਂ ਤੱਕ ਕਿ ਅਕਾਲੀ ਦਲ ਮਾਨ ਦੇ ਮੈਂਬਰਾਂ ਵੱਲੋਂ ਕਾਂਗਰਸ ਭਵਨ ਦੇ ਬਾਹਰ ਕਾਲੇ ਝੰਡੇ ਲੈਕੇ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਅੱਜ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਿਜੇ ਅਗਨੀਹੋਤਰੀ ਗੋਲਡੀ ਨੇ ਕਾਂਗਰਸ ਭਵਨ ਲੁਧਿਆਣਾ 'ਚ ਇੰਦਰਾ ਗਾਂਧੀ ਦਾ ਬੁੱਤ ਸਥਾਪਤ ਕੀਤਾ। ਇਸ ਮੌਕੇ ਗੋਲਡੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਇਸ ਬੁੱਤ ਨੂੰ ਲਾਉਣਾ ਚਾਹੁੰਦਾ ਸੀ ਪਰ ਕੁੱਝ ਕਾਰਨਾਂ ਕਰਕੇ ਅਜਿਹਾ ਨਹੀਂ ਕਰ ਸਕਿਆ। ਉਸਨੇ ਗਾਂਧੀ ਪਰਿਵਾਰ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਇਹ ਬੁੱਤ ਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਯੂਥ ਕਾਂਗjਸ ਦੇ ਸਾਬਕਾ ਪ੍ਰਧਾਨ ਕੋਮਲ ਖੰਨਾ ਨੇ ਇਸ ਕੰਮ ਲਈ ਵਿਜੇ ਗੋਲਡੀ ਦੀ ਪ੍ਰਸੰਸਾ ਕੀਤੀ। ਦੱਸ ਦਈਏ ਕਿ ਇਸ ਮਾਮਲੇ 'ਤੇ ਅਜੇ ਕਿਸੇ ਧਿਰ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ।