ਅੰਮ੍ਰਿਤਸਰ: ਸ਼ਿਲਾਂਗ 'ਚ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਪਸ ਪਰਤ ਕੇ ਸਿੱਧਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਰਿਪੋਰਟ ਦੇਣ ਪਹੁੰਚੇ। ਉਨ੍ਹਾਂ 'ਏਬੀਪੀ ਸਾਂਝਾ' ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ਿਲਾਂਗ 'ਚ ਸਥਿਤੀ ਕਾਬੂ ਹੇਠ ਹੈ ਪਰ ਮਾਹੌਲ ਹਾਲੇ ਵੀ ਤਣਾਅਪੂਰਨ ਬਣਿਆ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਿੱਖ ਭਾਈਚਾਰੇ ਦੇ ਲੋਕਾਂ ਕੋਲ ਜ਼ਮੀਨ ਹੈ ਜੋ ਕਾਫੀ ਕੀਮਤੀ ਹੈ। ਸਥਾਨਕ ਕਬੀਲੇ ਦੇ ਲੋਕ ਉਸ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮਸਲਾ ਜ਼ਮੀਨ ਦਾ ਹੀ ਹੈ। ਇਸ ਕਾਰਨ ਹੀ ਉੱਥੇ ਵਿਵਾਦ ਵਧਿਆ ਜਦਕਿ ਇਸ ਪਿੱਛੇ ਕਾਰਨ ਲੜਕੀਆਂ ਕਰਕੇ ਹੋਈ ਲੜਾਈ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸੁਰੱਖਿਆ ਜਾਰੀ ਹੈ ਤੇ ਉਨ੍ਹਾਂ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਇਸ ਮੁੱਦੇ 'ਤੇ ਮੀਟਿੰਗ ਕਰਕੇ ਬੇਨਤੀ ਕੀਤੀ ਹੈ ਕਿ ਸਿੱਖ ਪਰਿਵਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ।