ਚੰਡੀਗੜ੍ਹ: ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਇਨਵੈਸਟ ਪੰਜਾਬ ਦੇ ਵਫ਼ਦ ਨੇ ਇਨਫੋਸਿਸ ਤੇ ਵੋਲਵੋ ਗਰੁੱਪ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਸ਼ੁੱਕਰਵਾਰ ਨੂੰ ਵਫ਼ਦ ਨੇ ਇਨਫੋਸਿਸ ਦੇ ਸਹਿ-ਬਾਨੀ ਤੇ ਨਾਨ-ਐਗਜ਼ੀਕਿਊਟਿਵ ਚੇਅਰਮੈਨ ਨੰਦਨ ਨੀਲਕਨੀ ਤੇ ਵੋਲਵੋ ਗਰੁੱਪ ਦੇ ਪ੍ਰਧਾਨ ਤੇ ਐਮਡੀ ਕਮਲ ਬਾਲੀ ਨਾਲ ਇਸ ਬਾਬਾਤ ਮੁਲਾਕਾਤ ਕੀਤੀ।


ਮੀਟਿੰਗ ਦੌਰਾਨ ਵਫ਼ਦ ਨੇ ਕਿਹਾ ਕਿ ਪੰਜਾਬ ਵਿੱਚ ਵਪਾਰ ਤੇ ਨਿਵੇਸ਼ ਦੇ ਚੰਗੇ ਮੌਕੇ ਉਪਲੱਬਧ ਹਨ ਇਸ ਲਈ ਇਨਫੋਸਿਸ ਨੂੰ ਪੰਜਾਬ ਵਿੱਚ ਵੱਡਾ ਪ੍ਰੋਜੈਕਟ ਲੈ ਕੇ ਆਉਣਾ ਚਾਹੀਦਾ ਹੈ। ਇਸ ਦੌਰਾਨ ਨੀਲਕਨੀ ਨੇ ਪੰਜਾਬ ਦੇ ਆਈਟੀ ਸ਼ਹਿਰ ਵਜੋਂ ਜਾਣੇ ਜਾਂਦੇ ਮੁਹਾਲੀ ਵਿੱਚ ਇਨਫੋਸਿਸ ਦਾ ਸਟਾਰਟਅੱਪ ਈਕੋਸਿਸਟਮ ਵਿਕਸਤ ਕਰਨ ਵਿੱਚ ਰੁਚੀ ਦਿਖਾਈ। ਇਸ ਮੌਕੇ ਮੁਹਾਲੀ ਵਿੱਚ ਸੂਚਨਾ ਤਕਨਾਲੋਜੀ ਸੇਵਾਵਾਂ ਢਾਂਚਾ ਵਿਕਸਤ ਕਰਨ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ।


ਇਸ ਦੇ ਨਾਲ ਹੀ ਵਫ਼ਦ ਨੇ ਲਗਜ਼ਰੀ ਗੱਡੀਆਂ ਬਣਾਉਣ ਵਾਲੇ ਵੋਲਵੋ ਗਰੁੱਪ ਦੇ ਪ੍ਰਧਾਨ ਤੇ ਐਮਡੀ ਕਮਲ ਬਾਲੀ ਨਾਲ ਪੰਜਾਬ ਵਿੱਚ ਵੋਲਵੋ ਡਿਜ਼ਾਈਨ ਸੈਂਟਰ ਤੇ ਵਾਹਨਾਂ ਲਈ ਸਰਵਿਸ ਸੈਂਟਰ ਖੋਲ੍ਹਣ ਬਾਰੇ ਗੱਲਬਾਤ ਤੋਰੀ। ਇਸ ਤੋਂ ਇਲਾਵਾ ਡਰਾਈਵਰਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣ ਬਾਰੇ ਵੀ ਚਰਚਾ ਕੀਤੀ ਗਈ।