ਜਬਲਪੁਰ: ਮੱਧ ਪ੍ਰਦੇਸ਼ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਰਵੀ ਸ਼ੰਕਰ ਝਾਅ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅਗਲੇ ਚੀਫ ਜਸਟਿਸ ਹੋ ਸਕਦੇ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਹਾਈ ਕੋਰਟ ਦੇ ਸੀਨੀਅਰ ਜੱਜ ਜੇ ਕੇ ਮਹੇਸ਼ਵਰੀ ਦਾ ਨਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਲਈ ਭੇਜਿਆ ਗਿਆ ਹੈ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ, ਐਸਏ ਬੋਬਡੇ ਤੇ ਐਨਵੀ ਰਮੰਨਾ ਦੇ ਕਾਲਜੀਅਮ ਨੇ ਦੋਵਾਂ ਸੀਨੀਅਰ ਜੱਜਾਂ ਦੇ ਨਾਵਾਂ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। ਦਰਅਸਲ, ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਦਾ ਨਾਮ ਸੁਪਰੀਮ ਕੋਰਟ ਦੇ ਜੱਜ ਲਈ ਭੇਜਿਆ ਗਿਆ ਹੈ। ਇਸ ਦੇ ਕਾਰਨ ਇਹ ਅਹੁਦਾ ਜਲਦੀ ਹੀ ਖਾਲੀ ਹੋ ਜਾਵੇਗਾ।
ਇਸ ਦੇ ਨਾਲ ਹੀ, ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਲੰਬੇ ਸਮੇਂ ਤੋਂ ਖਾਲੀ ਪਿਆ ਹੈ। ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਸੁਪਰੀਮ ਕੋਰਟ ਕਾਲਜੀਅਮ ਨੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਵਿਕਰਮ ਸਿੰਘ ਦਾ ਨਾਂ ਚੀਫ਼ ਜਸਟਿਸ ਦੇ ਅਹੁਦੇ ਲਈ ਭੇਜਿਆ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਵਾਪਸ ਭੇਜ ਦਿੱਤਾ ਸੀ।