ਜਲਾਲਾਬਾਦ: ਇੱਕ ਦਲਿਤ ਨੌਜਵਾਨ ਦੇ ਨਾਲ ਕੁੱਟਮਾਰ ਤੇ ਪੇਸ਼ਾਬ ਪਿਲਾਉਣ ਮਾਮਲੇ 'ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਪੇਸ਼ਾਬ ਪਿਲਾਉਣ ਦੇ ਇਲਜਾਮ ਦੀ ਹਾਲੇ ਤੱਕ ਹੋਈ ਪੁਸ਼ਟੀ ਨਹੀਂ ਹੋਈ। ਇਸ ਤੋਂ ਬਾਅਦ ਐਸਸੀ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਲਿਆ ਤੇ ਮੁਕੱਦਮੇ 'ਚ ਐਸਸੀ ਐਕਟ ਦੀ ਧਾਰਾ ਦਾ ਵਾਧਾ ਕੀਤਾ ਹੈ।


ਬੀਤੇ ਦਿਨ ਜਲਾਲਾਬਾਦ ਦੇ ਪਿੰਡ ਚੱਕ ਜਨੀਸਾਰ 'ਚ ਰਾਤ ਸੰਮੇ ਇੱਕ ਵਿਅਕਤੀ ਦੀ ਪਿੰਡ ਦੇ ਕੁੱਝ ਰਸੂਖਦਾਰ ਵਿਅਕਤੀਆਂ ਵੱਲੋਂ ਕੁੱਟ-ਮਾਰ ਕੀਤੀ ਗਈ ਸੀ। ਭੀੜ ਵੱਲੋਂ ਬੜੀ ਬੇਰਹਿਮੀ ਨਾਲ ਨੌਜਵਾਨ ਦੀ ਮਾਰਕੁੱਟ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ। ਹਸਪਤਾਲ 'ਚ ਦਾਖਲ ਪੀੜਤ ਵੱਲੋਂ ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨ 'ਚ ਮਾਰਕੁੱਟ ਕਰ ਰਹੇ ਲੋਕਾਂ ਵੱਲੋਂ ਉਸ ਨੂੰ ਪੇਸ਼ਾਬ ਪਿਲਾਉਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਚਰਚਾ 'ਚ ਆਇਆ ਸੀ। ਇਸ ਮਾਮਲੇ 'ਚ ਸਬੰਧਤ ਪੁਲਿਸ ਥਾਣਾ ਵੈਰੋ ਕੇ ਨੇ ਪਿੰਡ ਦੇ ਤਿੰਨ ਵਿਅਕਤੀਆਂ ਸਣੇ ਕਰੀਬ ਅੱਧਾ ਦਰਜਨ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ।

ਅੱਜ ਇਸ ਮਾਮਲੇ 'ਚ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਕਰਨਵੀਰ ਇੰਦੌਰਾ ਨੇ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਤੋਂ ਮਾਮਲੇ ਦੀ ਜਾਣਕਾਰੀ ਲੈਣ ਲਈ ਅਬੋਹਰ ਐਸਡੀਐਮ ਦਫ਼ਤਰ ਬੁਲਾਇਆ ਤੇ ਮਾਮਲੇ 'ਚ ਬਣਦੀ ਕਾਰਵਾਈ ਸਮੇਤ ਦਰਜ ਮੁਕੱਦਮੇ 'ਚ ਐਸਸੀ ਐਕਟ ਦੀ ਧਾਰਾ ਦਾ ਵਾਧਾ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦਰਜ ਮੁਕੱਦਮੇ 'ਚ ਐਸਸੀ ਐਕਟ ਦਾ ਵਾਧਾ ਕੀਤਾ।

ਇਸ ਮਾਮਲੇ 'ਚ ਪੁਲਿਸ ਦਾ ਇੱਕ ਵੱਡਾ ਬਿਆਨ ਆਇਆ ਹੈ ਜਿਸ ਵਿੱਚ ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਪੀੜਤ ਵਿਅਕਤੀ ਵੱਲੋਂ ਉਸਨੂੰ ਪੇਸ਼ਾਬ ਪਿਲਾਉਣ ਦੇ ਦੋਸ਼ ਦੀ ਕਿਸੇ ਵੀ ਪੱਖੋਂ ਹਲੇ ਪੁਸ਼ਟੀ ਨਹੀਂ ਹੋਈ ਤੇ ਮਾਮਲਾ ਪਿੰਡ ਦੀ ਸਿਆਸਤ ਦਾ ਹੈ।