ਫੜੇ ਢਾਈ ਲੱਖ ਦਿਖਾਏ 1580 ਰੁਪਏ, ਇੰਸਪੈਕਟਰ ਗ੍ਰਿਫ਼ਤਾਰ
ਏਬੀਪੀ ਸਾਂਝਾ | 13 Aug 2018 10:45 AM (IST)
ਮੋਗਾ: ਨਸ਼ਾ ਤਸਰਕ ਦੇ ਇਲਜ਼ਾਮ ਹੇਠ ਫੜੀ ਔਰਤ ਤੋਂ ਭੁੱਕੀ ਦੇ ਨਾਲ-ਨਾਲ ਵੱਧ ਪੈਸਿਆਂ ਦੀ ਬਰਾਮਦਗੀ ਕਰ ਕੇ ਘੱਟ ਦਿਖਾਉਣ ਦੇ ਦੋਸ਼ ਹੇਠ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਂਟੀ ਨਾਰਕੋਟਿਕਸ ਐਂਡ ਡਰੱਗ ਸੈੱਲ ਮੋਗਾ ਨੇ ਕੁਝ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਔਰਤ 5 ਕਿੱਲੋ ਭੁੱਕੀ ਤੇ 2,42,580 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਸੀ। ਪਰ ਕੇਸ ਵਿੱਚ ਮੁਲਜ਼ਮ ਕੋਲੋਂ ਸਿਰਫ 1580 ਰੁਪਏ ਦੀ ਹੀ ਬਰਾਮਦਗੀ ਦਿਖਾਈ ਗਈ ਸੀ। ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ ਵੱਲੋਂ ਕਰਵਾਈ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇੰਸਪੈਕਟਰ ਰਮੇਸ਼ ਲਾਲ ਨੇ ਔਰਤ ਦੇ ਘਰੋਂ 2,42,580 ਦੀ ਬਰਾਮਦਗੀ ਕੀਤੀ ਸੀ ਪਰ ਉਸ ਨੇ ਆਪਣੀ ਵਰਦੀ ਦੀ ਦੁਰਵਰਤੋਂ ਕਰਦੇ ਹੋਏ 1,44,000 ਰੁਪਏ ਆਪਣੇ ਕੋਲ ਰੱਖ ਲਏ ਅਤੇ ਬਾਕੀ 97,000 ਔਰਤ ਅਤੇ ਉਸ ਦੇ ਪੁੱਤਰ ਨੂੰ ਵਾਪਿਸ ਕਰ ਦਿੱਤੇ। ਮੁਲਜ਼ਮ ਨੂੰ ਹਿੱਸਾ ਦੇ ਕੇ ਇੰਸਪੈਕਰਟ ਨੇ ਸ਼ਿਕਾਇਤ ਦੀ ਗੁੰਜਾਇਸ਼ ਮਨਫ਼ੀ ਤਾਂ ਕਰ ਲਈ, ਪਰ ਸੱਚ ਫਿਰ ਵੀ ਬਾਹਰ ਆ ਹੀ ਗਿਆ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਔਰਤ ਦੇ ਘਰ ਛਾਪਾ ਮਾਰਨ ਗਏ ਇੰਸਪੈਕਟਰ ਦੇ ਨਾਲ ਮੌਜੂਦ 2 ਮੁਲਾਜ਼ਮਾਂ ਨੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਨੂੰ ਇੰਸਪੈਕਟਰ ਦੇ ਕਾਰੇ ਦੀ ਸੂਚਨਾ ਦੇ ਦਿੱਤੀ ਸੀ। ਇਸ ਤੋਂ ਬਾਅਦ ਇੰਸਪੈਕਟਰ ਰਮੇਸ਼ ਲਾਲ ਦੇ ਖਿਲਾਫ 7,13(2), 88 PC ACT ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।