ਚੰਡੀਗੜ੍ਹ: ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਦਾ ਕਹਿਣਾ ਹੈ ਕਿ ਸਾਬਕਾ 'ਆਪ' ਲੀਡਰ ਐਚਐਸ ਫੂਲਕਾ ਨੂੰ ਐਨਡੀਏ ਸਰਕਾਰ ਵੱਲੋਂ ਦਿੱਤੀ ਗਿਆ ਪਦਮ ਸ੍ਰੀ ਐਵਾਰਡ ਵਾਪਸ ਕਰਨਾ ਚਾਹੀਦਾ ਹੈ। ਉਨ੍ਹਾਂ ਫੂਲਕਾ ਵੱਲੋਂ ਬਰਗਾੜੀ ਮੁੱਦੇ 'ਤੇ ਲਿਆ ਗਿਆ ਅਸਤੀਫਾ ਮਹਿਜ਼ 'ਸਿਆਸੀ ਸਟੰਟ' ਕਰਾਰ ਦਿੱਤਾ ਹੈ। ਉਨ੍ਹਾਂ ਫੂਲਕਾ ਦੇ ਅਸਤੀਫੇ ਦੇਣ ਦੇ ਕਦਮ ਦਾ ਮਖੌਲ ਉਡਾਉਂਦਿਆਂ ਉਨ੍ਹਾਂ ਦੇ ਮਨਸੂਬਿਆਂ 'ਤੇ ਸਵਾਲ ਖੜ੍ਹੇ ਕੀਤੇ।


ਉਕਤ ਮੰਤਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਫੂਲਕਾ ਦੀ ਸਿਆਸੀ ਅਹਿਮੀਅਤ ਘੱਟ ਰਹੀ ਹੈ ਇਸ ਲਈ ਉਹ ਲਾਈਮਲਾਈਟ ਲੈਣ ਲਈ ਡਰਾਮੇਬਾਜ਼ੀ ਤੇ ਸਟੰਟਬਾਜ਼ੀ ਕਰ ਰਹੇ ਹਨ। ਦੱਸ ਦੇਈਏ ਫੂਲਕਾ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਵਿੱਚ ਬਰਗਾੜੀ ਮੁੱਦਾ ਚੁੱਕਣ ਵਾਲੇ ਸਾਰੇ ਵਿਧਾਇਕਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ। ਐਤਵਾਰ ਨੂੰ ਇਥੇ ਇੱਕ ਸਾਂਝੇ ਬਿਆਨ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਵਿਧਾਇਕਾਂ ਦੇ ਅਸਤੀਫੇ ਦੀ ਬੇਤੁਕੀ ਤੇ ਉਕਸਾਉਣ ਵਾਲੀ ਮੰਗ ਲਈ ਫੂਲਕਾ ਨੂੰ ਕਰੜੇ ਹੱਥੀਂ ਲਿਆ।


ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਜੇ ਫੂਲਕਾ ਸੱਚਮੁੱਚ ਇਸ ਮੁੱਦੇ ਤੇ ਇਸ ਦੇ ਪ੍ਰਭਾਵ ਬਾਰੇ ਚਿੰਤਤ ਸਨ ਤਾਂ ਉਨ੍ਹਾਂ ਨੂੰ ਐਨਡੀਏ ਸਰਕਾਰ ਵੱਲੋਂ ਦਿੱਤਾ ਪਦਮ ਸ੍ਰੀ ਐਵਾਰਡ ਵੀ ਵਾਪਸ ਕਰਨਾ ਚਾਹੀਦਾ ਸੀ ਜਿਸ ਨੇ ਸੀਬੀਆਈ 'ਤੇ ਸੰਵੇਦਨਸ਼ੀਲ ਬਰਗਾੜੀ ਕੇਸ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਲਈ ਦਬਾਅ ਪਾਇਆ ਸੀ। ਉਨ੍ਹਾਂ ਕਿਹਾ ਕਿ ਖ਼ੁਦ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਤੇ ਵਿਧਾਇਕਾਂ ਦਾ ਅਸਤੀਫਾ ਮੰਗ ਕੇ ਫੂਲਕਾ ਇਸ ਮੁੱਦੇ 'ਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਯਤਨਾਂ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ।


ਇਹ ਵੀ ਪੜ੍ਹੋ: ਫੂਲਕਾ ਦਾ ਅਸਤੀਫ਼ਾ ਪ੍ਰਵਾਨ, ਵਿਧਾਇਕੀ ਖੁੱਸੀ