ਗੁਰਦਾਸਪੁਰ: ਬਟਾਲਾ ਸ਼ਹਿਰ ਦੇ ਸਿੰਬਲ ਚੌਂਕ ਨੇੜੇ ਲੱਲੀਆਂ ਵਾਲੀ ਗਲ਼ੀ ਵਿੱਚ ਔਰਤ ਦੇ ਸਿਰ ਵਿੱਚ ਗੋਲ਼ੀ ਆ ਵੱਜੀ, ਜਿਸ ਕਾਰਨ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਪਰਿਵਾਰ ਤੇ ਮੁਹੱਲੇ ਵਾਲਿਆਂ ਨੂੰ ਗੋਲ਼ੀ ਚੱਲਣ ਦੀ ਆਵਾਜ਼ ਦਾ ਪਤਾ ਹੀ ਨਹੀਂ ਲੱਗਾ।

ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਉਸ ਦੀ ਪਤਨੀ ਮੀਨੂੰ ਚਾਹ ਬਣਾ ਰਹੀ ਸੀ ਕਿ ਅਚਾਨਕ ਕੋਈ ਚੀਜ਼ ਵੱਜਣ ਨਾਲ ਉਸ ਦੇ ਸਿਰ ਵਿੱਚੋਂ ਖੂਨ ਵਹਿਣਾ ਸ਼ੁਰੂ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਸ਼ਾਇਦ ਸਿਰ ਵਿੱਚ ਕੋਈ ਡਲ਼ਾ ਵੱਜਾ ਹੋਵੇਗਾ, ਪਰ ਹੈਰਾਨੀ ਉਸ ਸਮੇਂ ਹੋਈ ਜਦ ਚਾਹ ਵਾਲੇ ਭਾਂਡੇ ਵਿੱਚੋਂ ਗੋਲ਼ੀ ਲੱਭ ਗਈ। ਗੋਲ਼ੀ ਸਿਰ ਵਿੱਚ ਵੱਜ ਕੇ ਸਿੱਧੀ ਚਾਹ ਵਾਲੇ ਭਾਂਡੇ ਵਿੱਚ ਜਾ ਡਿੱਗੀ।



ਉਸ ਨੇ ਦੱਸਿਆ ਕਿ ਉਸ ਨੇ ਤੁਰੰਤ ਆਪਣੀ ਜ਼ਖ਼ਮੀ ਪਤਨੀ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਪੁਲੀਸ ਚੌਂਕੀ ਸਿੰਬਲ ਚੌਂਕੀ ਦੇ ਇੰਚਾਰਜ ਬਲਬੀਰ ਸਿੰਘ ਨੇ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਸੀ ਅਤੇ ਪੁਲੀਸ ਨੇ ਮੌਕੇ ’ਤੇ ਜਾ ਕੇ ਜਾਂਚ-ਪੜਤਾਲ ਕੀਤੀ ਹੈ ਅਤੇ ਪਰ ਕਿਸੇ ਵੀ ਮੁਹੱਲਾ ਵਾਸੀ ਨੇ ਗੋਲ਼ੀ ਚੱਲਣ ਦੀ ਆਵਾਜ਼ ਨਹੀਂ ਸੁਣੀ। ਚੌਂਕੀ ਇੰਚਾਰਜ ਨੇ ਜ਼ਖਮੀ ਔਰਤ ਦੇ ਘਰੋਂ ਗੋਲ਼ੀ ਦਾ ਅਗਲਾ ਹਿੱਸਾ ਮਿਲਣ ਦੀ ਪੁਸ਼ਟੀ ਕੀਤੀ ਹੈ ਜਿਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਕੇ ਮਾਮਲੇ ਦੀ ਤਹਿ ਤਕ ਪਹੁੰਚਿਆ ਜਾਵੇਗਾ।