Punjab News: ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਨੂੰ ਲੈ ਕੇ ਪੰਜਾਬ 'ਚ ਵਿਰੋਧ ਲਗਾਤਾਰ ਵਧ ਰਿਹਾ ਹੈ। ਹਾਲਾਂਕਿ ਭਾਜਪਾ ਮੀਡੀਆ ਸੈੱਲ ਨੇ ਖ਼ੁਦ ਹੀ ਕੰਗਨਾ ਰਣੌਤ ਦੇ ਬਿਆਨ ਤੋਂ ਦੂਰੀ ਬਣਾ ਕੇ ਇੱਕ ਬਿਆਨ ਜਾਰੀ ਕੀਤਾ ਹੈ ਪਰ ਪੰਜਾਬ ਦੇ ਕਿਸਾਨ ਇਹ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਹਨ।


ਸ਼ੰਭੂ ਬਾਰਡਰ 'ਤੇ ਖੜ੍ਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਨੇ ਕੰਗਨਾ ਰਣੌਤ ਨੂੰ ਖੁਦ ਮੁਆਫੀ ਮੰਗਣ ਲਈ ਕਿਹਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ- ਭਾਜਪਾ ਨੇ ਰਾਸ਼ਟਰੀ ਪੱਧਰ 'ਤੇ ਕੰਗਨਾ ਰਣੌਤ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਪਰ, ਕੰਗਨਾ ਰਣੌਤ ਭਾਜਪਾ ਦੀ ਸੰਸਦ ਹੈ, ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਭਾਜਪਾ ਦਾ ਮੰਨਣਾ ਹੈ ਕਿ ਇਹ ਬਿਆਨ ਉਚਿਤ ਨਹੀਂ ਹੈ ਤੇ ਇਹ ਗ਼ਲਤ ਬਿਆਨ ਹੈ। ਇਸ ਲਈ ਉਨ੍ਹਾਂ ਨੂੰ ਕੰਗਨਾ ਰਣੌਤ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਨੂੰ ਖ਼ੁਦ ਇਸ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।


ਜ਼ਿਕਰ ਕਰ ਦਈਏ ਕਿ  ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਹਿਲਾਂ ਹੀ ਕੰਗਨਾ ਦੇ ਬਿਆਨ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸੰਸਦ ਮੈਂਬਰ ਦੇ ਕਿਸਾਨ ਵਿਰੋਧੀ ਬਿਆਨ ਲਈ ਮੁਆਫ਼ੀ ਮੰਗਣੀ ਹੋਵੇਗੀ। ਜਦੋਂ ਤੱਕ ਕੰਗਨਾ ਰਣੌਤ ਵੀ ਮੁਆਫੀ ਨਹੀਂ ਮੰਗਦੀ, ਉਸ ਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੰਗਨਾ ਰਣੌਤ ਦੀ ਮਾਨਸਿਕ ਸਥਿਤੀ 'ਤੇ ਸਵਾਲ ਖੜ੍ਹੇ ਕੀਤੇ ਹਨ।


ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਕੰਗਨਾ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਸਾਰਾ ਮੰਤਰ ਕਿਸਾਨਾਂ ਨੂੰ ਬਦਨਾਮ ਕਰਨ 'ਤੇ ਲੱਗਾ ਹੋਇਆ ਹੈ। ਕਿਸਾਨਾਂ ਨੂੰ ਬਲਾਤਕਾਰੀ ਅਤੇ ਵਿਦੇਸ਼ੀ ਤਾਕਤਾਂ ਦੇ ਨੁਮਾਇੰਦੇ ਕਹਿਣਾ ਸ਼ਰਮਨਾਕ ਹੈ। ਇਹ ਸਵੀਕਾਰਯੋਗ ਨਹੀਂ ਹੈ। ਭਾਜਪਾ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਹੈ।