ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਉਚੇਚੇ ਯਤਨ ਕਰ ਰਹੀ ਹੈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸੇ ਤਹਿਤ ਵਰਕਰਾਂ ਦੀ ਉਜਰਤ ਸਮੇਂ ਸਿਰ ਅਦਾ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮੁੱਦਿਆਂ ਸਬੰਧੀ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਹ ਵਿਚਾਰ ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੋਹਾਲੀ ਦੇ ਸੈਕਟਰ 68 ਵਿਖੇ ਸਥਿਤ ਵਣ ਕੰਪਲੈਕਸ ਵਿਖੇ ਜੰਗਲਾਤ ਵਰਕਰ ਯੂਨੀਅਨ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ।
ਇਸ ਮੌਕੇ ਵੱਖੋ-ਵੱਖ ਮੁੱਦਿਆਂ ਸਬੰਧੀ ਸਪੱਸ਼ਟ ਰੁਖ਼ ਅਪਣਾਉਂਦੇ ਹੋਏ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਸੀਨੀਆਰਤਾ ਸੂਚੀ ਤਿਆਰ ਕਰਨ ਵਿੱਚ ਪਾਰਦਰਸ਼ਤਾ ਵਰਤੀ ਜਾਵੇ ਅਤੇ ਜਿਥੋਂ ਤੱਕ ਵੱਖੋ-ਵੱਖ ਸਕੀਮਾਂ ਤਹਿਤ ਰੁਕੀਆਂ ਤਨਖਾਹਾਂ ਦਾ ਸਬੰਧ ਹੈ ਤਾਂ ਉਹਨਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਛੇਤੀ ਤੋਂ ਛੇਤੀ ਉਸਾਰੂ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਨਿਰਦੇਸ਼ ਵੀ ਦਿੱਤੇ ਕਿ ਭਵਿੱਖ ਵਿੱਚ ਵਰਕਰਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ।ਘੱਟੋ-ਘੱਟ ਉਜਰਤਾਂ ਦੇ ਬਕਾਏ ਸਬੰਧੀ ਉਹਨਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਹਮਦਰਦੀ ਨਾਲ ਵਿਚਾਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੰਤਰੀ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ 5 ਸਾਲ ਤੱਕ ਦੇ ਤਜ਼ਰਬੇ ਵਾਲੇ ਵਰਕਰਾਂ ਨੂੰ ਸਕਿੱਲਡ, 3 ਸਾਲ ਵਾਲਿਆਂ ਨੂੰ ਸੈਮੀ-ਸਕਿੱਲਡ ਅਤੇ 3 ਸਾਲ ਤੋਂ ਘੱਟ ਤਜ਼ਰਬੇ ਵਾਲਿਆਂ ਨੂੰ ਅਨ-ਸਕਿੱਲਡ ਸ਼੍ਰੇਣੀ ਵਿੱਚ ਰੱਖੇ ਜਾਣ ਦਾ ਸਵਾਲ ਹੈ, ਤਾਂ ਇਹ ਤਜ਼ਵੀਜ ਕਿਰਤ ਵਿਭਾਗ ਨੂੰ ਛੇਤੀ ਹੀ ਭੇਜੀ ਜਾਵੇਗੀ। ਇਕ ਹੋਰ ਅਹਿਮ ਮੁੱਦੇ ਸਬੰਧੀ ਮੰਤਰੀ ਨੇ ਕਿਹਾ ਕਿ 50 ਸਾਲ ਤੋਂ ਜ਼ਿਆਦਾ ਉਮਰ ਦੇ ਵਰਕਰਾਂ ਨੂੰ ਜਿੱਥੋਂ ਤੱਕ ਤਰੱਕੀ ਲਈ ਟਾਇਪ ਟੈਸਟ ਵਿੱਚ ਛੋਟ ਦੇਣ ਦਾ ਸਵਾਲ ਹੈ ਤਾਂ ਇਸ ਸਬੰਧੀ ਮਾਮਲਾ ਸਬੰਧਤ ਵਿਭਾਗ ਕੋਲ ਉਠਾਇਆ ਜਾਵੇਗਾ।
ਇਸ ਮੌਕੇ ਕਟਾਰੂਚੱਕ ਨੇ ਯੂਨੀਅਨ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਵਾਤਾਵਰਨ ਬਚਾਉਣ ਲਈ ਹਰ ਹੰਭਲਾ ਮਾਰਿਆ ਜਾਵੇ ਅਤੇ ਸੂਬੇ ਭਰ ਵਿੱਚ ਲਾਏ ਗਏ ਬੂਟਿਆਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਵੱਧ ਤੋਂ ਵੱਧ ਖੇਤਰ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਫਗਵਾੜਾ-ਚੰਡੀਗੜ੍ਹ ਸੜਕ ਦਾ ਇਸੇ ਯੋਜਨਾ ਤਹਿਤ ਸੁੰਦਰੀਕਰਨ ਕੀਤਾ ਜਾਵੇਗਾ। ਉਹਨਾਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ ਉਪਰੋਕਤ ਫੈਸਲਿਆਂ ਨੂੰ ਲਾਗੂ ਕਰਨ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ ਉੱਤੇ ਤੇਜ਼ੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਮੌਕੇ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਸੂਬਾ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਆਰ.ਕੇ. ਮਿਸ਼ਰਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ