Chandigarh : ਮੋਹਾਲੀ ਸਥਿਤ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਦੇ ਚੰਡੀਗੜ੍ਹ ਦੇ ਪੌਸ਼ ਇਲਾਕੇ ਵਿਚ ਸਥਿਤ ਰਿਹਾਇਸ਼ 'ਤੇ ਇੱਕ ਨੋਟਿਸ ਚਿਪਕਾਇਆ ਹੈ। ਮੋਗਾ 'ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਉੱਪਰ ਖਾਲਿਸਤਾਨੀ ਝੰਡਾ ਝੁਲਾਇਆ ਗਿਆ ਹੈ। ਇਸ ਮਾਮਲੇ ਵਿੱਚ ਪੰਨੂ ਖ਼ਿਲਾਫ਼ 14 ਅਗਸਤ 2020 ਨੂੰ ਯੂਏਪੀਏ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਅਦ 'ਚ ਮਾਮਲਾ NIA ਨੂੰ ਟਰਾਂਸਫਰ ਕਰ ਦਿੱਤਾ ਗਿਆ। ਪੰਨੂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਉਸ ਦੇ ਖ਼ਿਲਾਫ਼ ਲੁਕਆਊਟ ਸਰਕੂਲਰ ਅਤੇ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਹਨ।


ਪੰਨੂ ਦੀ ਪਿੰਡ ਵਿੱਚ ਕਰੋੜਾਂ ਦੀ ਜਾਇਦਾਦ 


ਪੰਜਾਬ ਯੂਨੀਵਰਸਿਟੀ ਤੋਂ ਲਾਅ ਗ੍ਰੈਜੂਏਟ ਪੰਨੂ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਉਹ ਇਸ ਸਮੇਂ ਕੈਨੇਡਾ ਦੇ ਟੋਰਾਂਟੋ ਦੇ ਬਾਹਰਲੇ ਇਲਾਕੇ ਓਕਵਿਲ ਵਿੱਚ ਰਹਿ ਰਿਹਾ ਹੈ। ਮੂਲ ਰੂਪ ਵਿੱਚ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਦੇ ਵਸਨੀਕ ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸਾਬਕਾ ਮੁਲਾਜ਼ਮ ਸਨ। 1947 ਵਿਚ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਖਾਨਕੋਟ ਆ ਗਿਆ। ਪੰਨੂ ਦੀ ਪਿੰਡ ਵਿੱਚ ਖੇਤੀ ਵਾਲੀ ਜ਼ਮੀਨ ਸਮੇਤ ਕਰੋੜਾਂ ਦੀ ਜਾਇਦਾਦ ਹੈ। ਉਹ ਪਿੰਡ ਘੱਟ ਹੀ ਜਾਂਦਾ ਸੀ। ਉਹ ਲੋਕਾਂ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਜਨਤਕ ਇਮਾਰਤਾਂ 'ਤੇ ਖਾਲਿਸਤਾਨੀ ਝੰਡੇ ਲਹਿਰਾਉਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਆਜ਼ਾਦੀ ਦਿਹਾੜੇ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕਰਨ ਵਾਲਾ ਪੰਨੂ ਵਿਦੇਸ਼ਾਂ 'ਚ ਵੱਖਵਾਦੀ ਖਾਲਿਸਤਾਨੀ ਏਜੰਡੇ ਨੂੰ ਅੱਗੇ ਵਧਾਉਣ ਲਈ ਵਿੱਤੀ ਮਦਦ ਵੀ ਦਿੰਦਾ ਰਹਿੰਦਾ ਹੈ।


ਇਸ ਸਾਲ ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਕੌਮੀ ਝੰਡਾ ਲਹਿਰਾਇਆ ਸੀ। ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ‘ਹਰ ਘਰ ਤਿਰੰਗਾ ਅਭਿਆਨ’ ਤਹਿਤ ਆਪਣੇ ਸਮਰਥਕਾਂ ਨਾਲ ਪੰਨੂ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਤਿਰੰਗਾ ਲੈ ਕੇ ਉਨ੍ਹਾਂ ਦੇ ਘਰ ਦੇ ਮੁੱਖ ਗੇਟ ’ਤੇ ਤਿਰੰਗਾ ਲਹਿਰਾਇਆ। 


ਤੁਹਾਨੂੰ ਦੱਸ ਦੇਈਏ ਕਿ 2019 ਵਿੱਚ ਕੇਂਦਰ ਨੇ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਆਧਾਰ 'ਤੇ FSJ 'ਤੇ ਪਾਬੰਦੀ ਲਗਾ ਦਿੱਤੀ ਸੀ।