ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਪਾਕਿਸਤਾਨ ਨੇ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਸਿੱਖ ਪਿਛਲੇ ਸੱਤ ਦਹਾਕਿਆਂ ਤੋਂ ਰੋਜ਼ਾਨਾ ਅਰਦਾਸ ਕਰਦੇ ਆ ਰਹੇ ਸੀ ਕਿ ਪੰਥ ਤੋਂ ਵਿਛੋੜੇ ਗਏ ਗੁਰੂਧਾਮਾਂ ਦੀ ਸੇਵਾ ਸੰਭਾਲ ਦਾ ਦਾਨ ਬਖਸ਼ਣਾ। ਆਖਰ ਇਹ ਅਰਦਾਸ ਸੁਣੀ ਗਈ ਹੈ। ਅਹਿਮ ਗੱਲ ਇਹ ਹੈ ਕਿ ਭਾਰਤ ਨਾਲ ਅੰਤਾਂ ਦਾ ਤਣਾਅ ਹੋਣ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਕੀਤੇ ਵਾਅਦੇ ਮੁਤਾਬਕ ਨੌਂ ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਹੈ।

ਪਾਕਿਸਤਾਨ ਸਰਕਾਰ ਦੀ ਸਿੱਖਾਂ ਪ੍ਰਤੀ ਦਰਿਆਦਿਲੀ ਨੂੰ ਭਾਰਤੀ ਏਜੰਸੀਆਂ ਬੜੀ ਗਹੁ ਨਾਲ ਵਾਚ ਰਹੀਆਂ ਹਨ। ਇੱਥੋਂ ਤੱਕ ਕੇ ਸਿੱਖਾਂ ਦਾ ਇੱਕ ਵੱਡਾ ਹਿੱਸਾ ਪਾਕਿਸਤਾਨ ਦੇ ਇਸ ਇਤਿਹਾਸਕ ਫੈਸਲੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਨੂੰ ਪਾਕਿਸਤਾਨ ਦੀ ਚਾਲ ਕਰਾਰ ਦਿੱਤਾ ਸੀ। ਬੇਸ਼ੱਕ ਇਸ ਲਈ ਕੈਪਟਨ ਦੀ ਜ਼ੋਰਦਾਰ ਅਲੋਚਨਾ ਵੀ ਹੋਈ ਸੀ।

ਸੂਤਰਾਂ ਮੁਤਾਬਕ ਅਮਰੀਕਾ, ਇੰਗਲੈਂਡ ਤੇ ਕੈਨੇਡਾ ਤੋਂ ਆਉਣ ਵਾਲੇ ਵੱਖਵਾਦੀਆਂ ਸਮੇਤ ਪਾਕਿਸਤਾਨ ’ਚ ਖਾਲਿਸਤਾਨ ਪੱਖੀ ਆਗੂਆਂ ਦੀ ਮੌਜੂਦਗੀ ਨੇ ਭਾਰਤ ਨੂੰ ਡੂੰਘੇ ਫਿਕਰਾਂ ’ਚ ਪਾ ਦਿੱਤਾ ਹੈ। ਖ਼ੁਫ਼ੀਆ ਏਜੰਸੀਆਂ ਨੂੰ ਭਾਰਤ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨਾਲ ਉਨ੍ਹਾਂ ਦੇ ਰਲ ਜਾਣ ਦਾ ਡਰ ਹੈ।

ਖ਼ੁਫ਼ੀਆ ਏਜੰਸੀਆਂ ਨੇ ਖ਼ਬਰਦਾਰ ਕੀਤਾ ਹੈ ਕਿ ਸਿੱਖਸ ਫਾਰ ਜਸਟਿਸ (ਐਸਐਫਜੇ) ਵਰਗੀਆਂ ਗਰਮਖਿਆਲੀ ਜਥੇਬੰਦੀਆਂ ਨੇ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਕਰਤਾਰਪੁਰ ਲਾਂਘੇ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ। ਐਸਐਫਜੇ ਨੂੰ ਪਾਕਿਸਤਾਨ ਆਧਾਰਤ ਆਕਾਵਾਂ ਵੱਲੋਂ ਪੰਜਾਬ ’ਚ ਦਹਿਸ਼ਤਗਰਦਾਂ ਨੂੰ ਪੈਸੇ ਤੇ ਹੋਰ ਸਹਾਇਤਾ ਮੁਹੱਈਆ ਕਰਾਉਣ ਲਈ ਵਰਤਿਆ ਜਾ ਰਿਹਾ ਹੈ ਤਾਂ ਜੋ ਉੱਥੇ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਸਕੇ। ਭਾਰਤ ਮੁਤਾਬਕ ਪਾਕਿਸਤਾਨ ’ਚ ਕਈ ਗੁਰਦੁਆਰਿਆਂ ਨੂੰ ਖਾਲਿਸਤਾਨ ਪੱਖੀ ਸੁਨੇਹਿਆਂ ਲਈ ਵਰਤਿਆ ਜਾ ਰਿਹਾ ਹੈ ਤੇ ਉਨ੍ਹਾਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ‘ਸਿੱਖ ਰਾਏਸ਼ੁਮਾਰੀ 2020’ ਦੇ ਪਰਚੇ ਵੰਡੇ ਜਾ ਰਹੇ ਹਨ।

ਖ਼ੁਫ਼ੀਆ ਏਜੰਸੀਆਂ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਪੰਜਾਬ ’ਚ ਭੇਜੇ ਜਾ ਰਹੇ ਹਥਿਆਰਾਂ ਤੋਂ ਵੀ ਫਿਕਰਮੰਦ ਹਨ। ਭਾਰਤ ਨੇ ਵੱਖਵਾਦੀ ਤੇ ਅਤਿਵਾਦੀ ਹਾਫ਼ਿਜ਼ ਸਈਦ ਦੇ ਸਾਥੀ ਗੋਪਾਲ ਸਿੰਘ ਚਾਵਲਾ ਦੇ ਕਰਤਾਰਪੁਰ ਸਾਹਿਬ ਲਾਂਘੇ ਦੀ ਪ੍ਰਬੰਧਕੀ ਕਮੇਟੀ ’ਚ ਸ਼ਾਮਲ ਕੀਤੇ ਜਾਣ ’ਤੇ ਵੀ ਇਤਰਾਜ਼ ਪ੍ਰਗਟਾਇਆ ਸੀ। ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਬਾਰੇ ਜਾਰੀ ਵੀਡੀਓ ’ਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ, ਸ਼ਬੇਗ ਸਿੰਘ ਸਮੇਤ ਹੋਰਾਂ ਦੀਆਂ ਤਸਵੀਰਾਂ ਦਿਖਾਏ ਜਾਣ ’ਤੇ ਭਾਰਤ ਨੇ ਵਿਰੋਧ ਦਰਜ ਕਰਵਾਇਆ ਹੈ।

ਕਰਤਾਰਪੁਰ ’ਚ ਗੁਰਦੁਆਰਾ ਦਰਬਾਰ ਸਾਹਿਬ ਨੇੜੇ ‘ਭਾਰਤੀ ਬੰਬ’ ਬਾਰੇ ਪੋਸਟਰ ਨੇ ਵੀ ਸ਼ੰਕੇ ਖੜ੍ਹੇ ਕੀਤੇ ਹਨ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉਥੇ ਲਾਏ ਗਏ ਬੋਰਡ ’ਤੇ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਹਵਾਈ ਸੈਨਾ ਨੇ 1971 ਦੀ ਜੰਗ ਵੇਲੇ ਗੁਰਦੁਆਰੇ ’ਤੇ ਬੰਬ ਸੁੱਟਿਆ ਸੀ। ਪੋਸਟਰ ’ਤੇ ਉਰਦੂ, ਗੁਰਮੁਖੀ ਤੇ ਅੰਗਰੇਜ਼ੀ ’ਚ ਸਤਰਾਂ ਲਿਖੀਆਂ ਗਈਆਂ ਹਨ ਜਿਸ ਦਾ ਸਿਰਲੇਖ ‘ਵਾਹਿਗੁਰੂ ਜੀ ਦੀ ਕਰਾਮਾਤ’ ਹੈ। ਪੋਸਟਰ ਮੁਤਾਬਕ ਵਾਹਿਗੁਰੂ ਜੀ ਦੇ ਆਸ਼ੀਰਵਾਦ ਕਾਰਨ ਬੰਬ ਖੂਹ ’ਚ ਡਿੱਗਿਆ ਸੀ ਤੇ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਭਾਰਤ ਵੱਲੋਂ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਲਾਂਘੇ ਦੀ ਵਰਤੋਂ ਕਰਕੇ ਸਿੱਖਾਂ ਨੂੰ ਭਰਮਾਉਣਾ ਚਾਹੁੰਦਾ ਹੈ।