ਚੰਡੀਗੜ੍ਹ: ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਸੱਤ ਦਹਾਕੇ ਪਹਿਲਾਂ ਵਿਛੜੇ ਪੰਜਾਬ ਵੀ ਇੱਕ ਵਾਰ ਮੁੜ ਮਿਲੇ ਹਨ। ਪਹਿਲੀ ਵਾਰ ਬਿਨਾ ਵੀਜ਼ੇ ਦੇ ਭਾਰਤੀ ਲੋਕ ਪਾਕਿਸਤਾਨ ਦੀ ਧਰਤੀ 'ਤੇ ਗਏ ਹਨ। ਦੋਵਾਂ ਮੁਲਕਾਂ ਦੇ ਸ਼ਾਂਤੀਪਸੰਦ ਲੋਕਾਂ ਨੇ ਇਸ ਦੀ ਖੂਬ ਪ੍ਰਸ਼ੰਸਾ ਕੀਤੀ ਹੈ। ਇਹ ਸਭ ਕੁਝ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹੋਇਆ ਹੈ।

ਬੇਸ਼ੱਕ ਦੋਵੇਂ ਮੁਲਕਾਂ ਵੱਲੋਂ ਇਹ ਸਭ ਪੰਜਾਬੀਆਂ ਤੇ ਖਾਸਕਰ ਸਿੱਖਾਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ ਪਰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਮਾਤ ਭਾਸ਼ਾ ਪੰਜਾਬੀ ਨਾਲ ਮੁੜ ਵਿਤਕਰਾ ਕੀਤਾ ਗਿਆ ਹੈ। ਪੰਜਾਬ ਦੀ ਧਰਤੀ ਡੇਰਾ ਬਾਬਾ ਨਾਨਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਤਾਂ ਉਦਘਾਟਨੀ ਪੱਥਰ ਉੱਪਰ ਹਿੰਦੀ ਤੇ ਅੰਗਰੇਜ਼ੀ ਸੀ ਪਰ ਪੰਜਾਬੀ ਕਿਤੇ ਨਜ਼ਰ ਹੀ ਨਹੀਂ ਆਈ।

ਉਦਘਾਟਨੀ ਪੱਥਰ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਇਸ ਦੀ ਅਲੋਚਨਾ ਹੋ ਰਹੀ ਹੈ। ਹੁਣ ਇਸ ਬਾਰੇ ਪੰਜਾਬ ਸਰਕਾਰ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਬਣਾਈ ਗਈ ਟਰਮੀਨਲ ਇਮਾਰਤ (ਆਈਸੀਪੀ) ਦੇ ਉਦਘਾਟਨੀ ਪੱਥਰ ’ਤੇ ਪੰਜਾਬੀ ਭਾਸ਼ਾ ਨੂੰ ਥਾਂ ਨਾ ਦਿੱਤੇ ਜਾਣ ’ਤੇ ਇਤਰਾਜ਼ ਪ੍ਰਗਟਾਇਆ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੇਂਦਰ ਸਰਕਾਰ ਦੇ ਹਰ ਪ੍ਰਾਜੈਕਟ ਦੇ ਨੀਂਹ ਪੱਥਰ ਤੇ ਸਾਈਨ ਬੋਰਡ ’ਤੇ ਦਿੱਤੀ ਜਾਣਕਾਰੀ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਹੈਰਾਨੀ ਦੀ ਗੱਲ਼ ਹੈ ਕਿ ਪੰਜਾਬ ਸਰਕਾਰ ਹੁਣ ਇਸ ਦੀ ਅਲੋਚਨਾ ਕਰ ਰਹੀ ਹੈ ਪਰ ਪਹਿਲਾਂ ਇਸ ਬਾਰੇ ਮੁੱਦਾ ਉਠਾਇਆ ਹੀ ਨਹੀਂ ਕਿਉਂਕਿ ਉਦਘਾਟਨੀ ਸਮਾਗਮ ਦੇ ਪ੍ਰਬੰਧ ਪੰਜਾਬ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਹੀ ਕੀਤਾ ਜਾ ਰਿਹਾ ਹੈ।

ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਬੰਧਤ ਮਹਿਕਮੇ ਨੂੰ ਚਾਹੀਦਾ ਹੈ ਕਿ ਉਹ ਇਸ ਗਲਤੀ ਨੂੰ ਤੁਰੰਤ ਸੁਧਾਰੇ ਤਾਂ ਕਿ ਇਸ ਟਰਮੀਨਲ ਇਮਾਰਤ ਦੇ ਨੀਂਹ ਪੱਥਰ ’ਤੇ ਬਾਬਾ ਨਾਨਕ ਦੀ ਬੋਲੀ ਨੂੰ ਥਾਂ ਮਿਲ ਸਕੇ। ਉਨ੍ਹਾਂ ਕਿਹਾ ਕਿ ਛੇਤੀ ਪੰਜਾਬ ’ਚ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ, ਜਿਸ ਦੇ ਲਾਗੂ ਹੋਣ ਨਾਲ ਸੂਬੇ ਦੇ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ, ਦੁਕਾਨਾਂ ਤੇ ਸ਼ੋਅ ਰੂਮਾਂ ਦੇ ਸਾਈਨ ਬੋਰਡਾਂ ਤੇ ਸੜਕਾਂ ਦੇ ਮੀਲ ਪੱਥਰਾਂ ’ਤੇ ਦਿਸ਼ਾ ਸੂਚਕ ਬੋਰਡਾਂ ’ਤੇ ਸਭ ਤੋਂ ਉਪਰ ਸਾਰੀ ਜਾਣਕਾਰੀ ਗੁਰਮੁਖੀ ਲਿਪੀ ਤੇ ਪੰਜਾਬੀ ਭਾਸ਼ਾ ਵਿੱਚ ਲਿਖੀ ਜਾਣੀ ਲਾਜ਼ਮੀ ਹੋ ਜਾਵੇਗੀ।