ਬਠਿੰਡਾ: ਕਰਾਟੇ ਦੀ ਅੰਤਰ ਰਾਸ਼ਟਰੀ ਪੱਧਰ ਦੀ ਖਿਡਾਰਨ ਹਰਨੀਪ ਕੌਰ ਖੇਤਾਂ 'ਚ ਝੋਨਾ ਲਾਉਣ ਲਈ ਮਜਬੂਰ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੀ ਰਹਿਣ ਵਾਲੀ ਹਰਨੀਪ ਕੌਰ ਤਪਦੀ ਗਰਮੀ 'ਚ ਕੌਮਾਂਤਰੀ ਪੱਧਰ ਦੀ ਖਿਡਾਰਨ ਹੋਣ ਦੇ ਬਾਵਜੂਦ ਝੋਨਾ ਲਾ ਰਹੀ ਹੈ। ਹਾਲਾਂਕਿ ਸਰਕਾਰ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤਣ ਦੇ ਬਾਵਜੂਦ ਸਰਕਾਰ ਦਾ ਵਾਅਦਾ ਸਿਰੇ ਨਹੀਂ ਚੜ੍ਹਿਆ।


ਹਰਨੀਪ ਕੌਰ ਨੇ ਦੱਸਿਆ ਕਿ ਉਸ ਨੇ ਮਲੇਸ਼ੀਆ ਚੈਂਪੀਅਨਸ਼ਿਪ ਸਮੇਤ ਹੋਰ ਕੌਮੀ ਪੱਧਰ 'ਤੇ 20 ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਮਲੇਸ਼ੀਆ ਤੋਂ ਸੋਨ ਤਗਮਾ ਜਿੱਤ ਕੇ ਵਾਪਸ ਪਰਤੀ ਸੀ ਤਾਂ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਉਸ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਪਰ ਚਾਰ ਸਾਲ ਬੀਤਣ ਦੇ ਬਾਵਦੂਦ ਅਜੇ ਤਕ ਇਹ ਵਾਅਦਾ ਸਿਰੇ ਨਹੀਂ ਚੜ੍ਹਿਆ।


ਹਰਨੀਪ ਨੇ ਦੱਸਿਆ ਕਿ ਉਸ ਦੇ ਪਿਤਾ ਮਜਦੂਰੀ ਦਾ ਕੰਮ ਕਰਦੇ ਹਨ। ਉਹ ਖੁਦ ਇਸ ਵੇਲੇ ਪਟਿਆਲਾ 'ਚ ਡੀਪੀਐਡ ਕਰ ਰਹੀ ਹੈ। ਉਹ ਘਰ ਦੇ ਕੰਮ ਕਰਕੇ ਤੇ ਖੇਤਾਂ 'ਚ ਝੋਨਾ ਲਾਕੇ ਮਜਦੂਰੀ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਰਹੀ ਹੈ ਤੇ ਮਾਪਿਆਂ ਦਾ ਸਹਾਰਾ ਬਣਦੀ ਹੈ।


ਹਰਨੀਪ ਚਾਰ ਵਾਰ ਚੰਡੀਗੜ੍ਹ ਜਾਕੇ ਪੰਜਾਬ ਸਰਕਾਰ ਨੂੰ ਅਪੀਲ ਕਰ ਚੁੱਕੀ ਹੈ ਕਿ ਉਸ ਦੀ ਨੌਕਰੀ ਬਾਰੇ ਕੁਝ ਸੋਚਿਆ ਜਾਵੇ ਪਰ ਉਹ ਨੌਕਰੀ ਲੈਣ 'ਚ ਅਸਫਲ ਰਹੀ ਹੈ। ਹਰਨੀਪ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ ਤੇ ਉਹ ਦੋ ਵਕਤ ਦੀ ਰੋਟੀ ਲਈ ਮਜਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਚੰਗੀ ਖਿਡਾਰਨ ਹੋਣ ਦੇ ਬਾਵਜੂਦ ਮਜਦੂਰੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ।