ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਇਤਿਹਾਸਕ ਨਗਰ ਕੀਰਤਨ ਬੀਤੇ ਦਿਨ ਮਜੀਠਾ ਵਿਖੇ ਪ੍ਰਵੇਸ਼ ਹੋਇਆ। ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਸਮੂਹ ਸੰਗਤਾਂ ਵੱਲੋਂ ਜੈਕਾਰਿਆਂ ਦੇ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।


ਆਪਣੇ ਮਿਥੇ ਸਮੇਂ ਤੋਂ 7 ਘੰਟੇ ਦੇਰੀ ਨਾਲ ਇੱਥੇ ਪਹੁੰਚਣ ਦੇ ਬਾਵਜੂਦ ਸਵੇਰ ਤੋਂ ਗੁਰਬਾਣੀ ਦਾ ਜਾਪ ਕਰਦਿਆਂ ਨਗਰ ਕੀਰਤਨ ਨੂੰ ਉਡੀਕ ਰਹੀਆਂ ਸੰਗਤਾਂ ਦਾ ਜੋਸ਼ ਮੱਠਾ ਨਹੀਂ ਪਿਆ। ਉਨ੍ਹਾਂ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ, ਵੈਰਾਗ ਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਨਗਰ ਕੀਰਤਨ ਦੀ ਖੁਸ਼ੀ 'ਚ ਸਵਾਗਤੀ ਸਥਾਨ 'ਤੇ ਸਾਰਾ ਦਿਨ ਧਾਰਮਿਕ ਦੀਵਾਨ ਚੱਲਦਾ ਰਿਹਾ। ਸਵਾਗਤੀ ਗੇਟਾਂ ਤੇ ਰਸਤਿਆਂ 'ਚ ਲੱਗੇ ਕੇਸਰੀ ਝੰਡਿਆਂ ਨਾਲ ਸਾਰਾ ਨਗਰ ਹੀ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਸੀ, ਆਪ ਮੁਹਰੇ ਪਹੁੰਚੀਆਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਨੇ ਮਜੀਠਾ ਵਿਖੇ ਪ੍ਰਬੰਧਕਾਂ ਦੇ ਸਾਰੇ ਪ੍ਰਬੰਧ ਫਿੱਕੇ ਪਾ ਦਿੱਤੇ।


ਇਸ ਮੌਕੇ ਸਾਬਕਾ ਮੰਤਰੀ ਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਮੂਹ ਸੰਗਤ ਲਈ ਇਹ ਖੁਸ਼ੀਆਂ ਭਰਿਆ ਦਿਨ ਹੈ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੋਮਣੀ ਕਮੇਟੀ ਵਲੋਂ ਦਿਲੀ ਕਮੇਟੀ, ਸੰਤ ਸਮਾਜ, ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਨਾਨਕ ਨਾਮ ਲੇਵਾ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਾਨਕਾਣਾ ਸਾਹਿਬ ਤੋਂ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ।


ਮਜੀਠੀਆ ਨੇ ਕਿਹਾ ਕਿ ਇਸ ਨਗਰ ਕੀਰਤਨ ਨਾਲ ਜਿਥੇ ਗੁਰੂ ਨਾਨਕ ਸਾਹਿਬ ਦੀ ਨਾਮ ਜੱਪੋ, ਕਿਰਤ ਕਰੋ ਤੇ ਵੰਡ ਛਕੋ ਵਾਲਾ ਮਾਨਵਤਾਵਾਦੀ ਫਿਲਾਸਫੀ ਤੇ ਸਰਬਤ ਦੇ ਭਲੇ ਵਾਲਾ ਸੰਦੇਸ਼ ਘਰ-ਘਰ ਵੰਡਿਆ ਜਾਵੇਗਾ, ਉੱਥੇ ਹੀ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਦਾ ਸੰਗਤ ਨੂੰ ਝੋਲੀਆਂ ਭਰਨ ਦਾ ਮੌਕਾ ਮਿਲੇਗਾ। ਰਸਤੇ ਵਿੱਚ ਆਉਂਦੇ ਸਮੂਹ ਪਿੰਡਾਂ 'ਚ ਵੀ ਸੰਗਤਾਂ ਵੱਲੋਂ ਥਾਂ-ਥਾਂ ਹੁੰਮ ਹੁੰਮਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਉਪਰੰਤ ਨਗਰ ਕੀਤਰਨ ਵਾਇਆ ਫਤਿਹਗੜ੍ਹ ਚੂੜੀਆਂ ਅਗਲੇ ਪੜਾਅ ਲਈ ਡੇਰਾ ਬਾਬਾ ਨਾਨਕ ਨੂੰ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ।