ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਇਤਿਹਾਸਕ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਲੇ ਪੜਾਅ ਲਈ ਚੱਲ ਪਿਆ ਹੈ। ਬੀਤੇ ਕੱਲ੍ਹ ਅਟਾਰੀ ਸਰਹੱਦ ਰਾਹੀਂ ਸ੍ਰੀ ਹਰਮੰਦਿਰ ਸਾਹਿਬ ਦੇਰ ਰਾਤ ਪਹੁੰਚਣ ਦੀ ਬਜਾਏ ਅੱਜ ਤੜਕਸਾਰ 5:30 ਵਜੇ ਪਹੁੰਚੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਤੇ ਗੁਰੂ ਸਾਹਿਬ ਦੇ ਸਨਮੁਖ ਨਤਮਸਤਕ ਹੋਣ ਲਈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


ਅੱਜ ਇਹ ਨਗਰ ਕੀਰਤਨ ਮਜੀਠਾ ਅਤੇ ਫ਼ਤਹਿਗੜ੍ਹ ਚੂੜੀਆਂ ਤੋਂ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਰੁਕੇਗਾ। ਇਸ ਉਪਰੰਤ ਭਲਕੇ ਸਵੇਰੇ ਬਟਾਲਾ ਤੇ ਗੁਰਦਾਸਪੁਰ ਲਈ ਰਵਾਨਾ ਹੋਵੇਗਾ। ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਹ ਇਤਿਹਾਸਿਕ ਨਗਰ ਕੀਰਤਨ ਪੰਜ ਤਖ਼ਤ ਸਾਹਿਬਾਨ ਤੇ 17 ਰਾਜਾਂ ਵਿੱਚੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ।

ਉਨ੍ਹਾਂ ਕਿਹਾ ਕਿ ਉਹ ਖੁਦ ਨੂੰ ਵਡਭਾਗੀ ਸਮਝਦੇ ਹਨ ਕਿ ਕੀ ਇਸ ਨਗਰ ਕੀਰਤਨ ਦੇ ਵਿੱਚ ਉਨ੍ਹਾਂ ਨੂੰ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਹੈ ਅਤੇ ਸਾਰਿਆਂ ਨੂੰ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ।