ਚੰਡੀਗੜ੍ਹ: ਭਾਰਤ ਨਾਲ ਤਣਾਅ ਦੇ ਬਾਵਜੂਦ ਪਾਕਿਸਤਾਨ ਵੱਲੋਂ ਤਿੰਨ ਰੋਜ਼ਾ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ 31 ਅਗਸਤ ਤੋਂ 2 ਸਤੰਬਰ ਤਕ ਲਾਹੌਰ ਵਿੱਚ ਕਰਵਾਈ ਜਾਵੇਗੀ। ਇਸ ਵਿੱਚ ਵਿਸ਼ਵ ਦੇ ਵੱਖ-ਵੱਖ ਮੁਲਕਾਂ ਤੋਂ ਲਗਪਗ 50 ਸਿੱਖ ਵਿਦਵਾਨ ਸੱਦੇ ਗਏ ਹਨ। ਕਨਵੈਨਸ਼ਨ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੀ ਹੁਣ ਤਕ ਦੀ ਪ੍ਰਗਤੀ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪਰੇਖਾ ਬਾਰੇ ਵੀ ਖੁਲਾਸਾ ਕੀਤਾ ਜਾਵੇਗਾ।

ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹੁਕਮਾਂ ’ਤੇ ਕਰਵਾਈ ਜਾ ਰਹੀ ਹੈ। ਇਸ ਦੇ ਸਮੁੱਚੇ ਪ੍ਰਬੰਧ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਨਿਗਰਾਨੀ ਹੇਠ ਕੀਤੇ ਜਾ ਰਹੇ ਹਨ। ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵਲੋਂ ਕਨਵੈਨਸ਼ਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਕਨਵੈਨਸ਼ਨ ਲਈ ਆਉਣ ਵਾਲੇ ਸਿੱਖ ਵਿਦਵਾਨਾਂ ਨੂੰ ਗੁਰਦੁਆਰਾ ਕਰਤਾਰਪੁਰ ਤੇ ਗੁਰਦੁਆਰਾ ਨਨਕਾਣਾ ਸਾਹਿਬ ਵੀ ਲਿਜਾਇਆ ਜਾਵੇਗਾ।

ਹਾਸਲ ਵੇਰਵਿਆਂ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਪਹਿਲਾਂ ਸਮੁੱਚੇ ਵਿਸ਼ਵ ਦੇ ਸਿੱਖ ਨੁਮਾਇੰਦਿਆਂ ਨੂੰ ਇਸ ਸਬੰਧੀ ਵਿਸਥਾਰਤ ਜਾਣਕਾਰੀ ਦੇਣਾ ਚਾਹੁੰਦੇ ਹਨ। ਉਹ ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਮੁੱਦੇ ’ਤੇ ਸਿੱਖ ਆਗੂਆਂ ਦਾ ਸਮਰਥਨ ਵੀ ਚਾਹੁੰਦੇ ਹਨ। ਕਨਵੈਨਸ਼ਨ 31 ਅਗਸਤ ਨੂੰ ਲਾਹੌਰ ਵਿੱਚ ਗਵਰਨਰ ਹਾਊਸ ਵਿੱਚ ਸ਼ੁਰੂ ਹੋਵੇਗੀ। ਇਸੇ ਦਿਨ ਸ਼ਾਮ ਨੂੰ ਸੈਮੀਨਾਰ ਵੀ ਕਰਵਾਇਆ ਜਾਵੇਗਾ। ਪਹਿਲੀ ਸਤੰਬਰ ਨੂੰ ਸਿੱਖ ਵਫ਼ਦ ਨੂੰ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਨੂੰ ਦਿਖਾਉਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਲਿਜਾਇਆ ਜਾਵੇਗਾ। 2 ਸਤੰਬਰ ਨੂੰ ਸਿੱਖ ਆਗੂਆਂ ਦਾ ਵਫਦ ਗੁਰਦੁਆਰਾ ਨਨਕਾਣਾ ਸਾਹਿਬ ਜਾਵੇਗਾ।

ਕਨਵੈਨਸ਼ਨ ਲਈ ਭਾਰਤ, ਕੈਨੇਡਾ, ਅਮਰੀਕਾ, ਯੂਕੇ, ਸਵਿਟਜ਼ਰਲੈਂਡ, ਆਸਟਰੇਲੀਆ ਆਦਿ ਮੁਲਕਾਂ ਤੋਂ ਲਗਪਗ 50 ਸਿੱਖ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਅਮਰੀਕਾ ਤੋਂ 12 ਸਿੱਖ ਆਗੂ, ਯੂਕੇ 5, ਭਾਰਤ 16, ਸਵਿਟਜਰਲੈਂਡ 1 ਤੇ ਅਸਟਰੇਲੀਆ ਤੋਂ ਤਿੰਨ ਸਿੱਖ ਵਿਦਵਾਨ ਸ਼ਾਮਲ ਹਨ।