ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘੇ ਸਬੰਧੀ ਵੱਖ-ਵੱਖ ਤਕਨੀਕੀ ਪਹਿਲੂਆਂ 'ਤੇ ਵਿਚਾਰ ਕਰਨ ਲਈ ਅੱਜ ਭਾਰਤ ਤੇ ਪਾਕਿਸਤਾਨ ਦੇ ਤਕਨੀਕੀ ਅਧਿਕਾਰੀਆਂ ਦੀ ਚੌਥੀ ਮੀਟਿੰਗ ਹੋਈ। ਇਹ ਮੀਟਿੰਗ ਡੇਰਾ ਬਾਬਾ ਨਾਨਕ ਨੇੜੇ ਸਥਿਤ ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ 'ਤੇ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਈ। ਇਸ ਵਿੱਚ ਭਾਰਤ ਸਰਕਾਰ ਵੱਲੋਂ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਨੈਸ਼ਨਲ ਹਾਈਵੇ, ਅਥਾਰਿਟੀ ਆਫ਼ ਇੰਡੀਆ, ਬੀਐਸਐਫ ਤੇ ਹੋਰ ਏਜੰਸੀਆਂ ਦੇ ਅਧਿਕਾਰੀ ਪੁੱਜੇ। ਪਾਕਿਸਤਾਨ ਵਾਲੇ ਪਾਸੇ ਵੀ ਕਈ ਏਜੰਸੀਆਂ ਦੇ ਅਧਿਕਾਰੀ ਚਰਚਾ ਕਰਨ ਲਈ ਜ਼ੀਰੋ ਲਾਈਨ 'ਤੇ ਪੁੱਜੇ।


ਮੀਟਿੰਗ ਦੌਰਾਨ ਆਖਰੀ ਪੜਾਅ ਵੱਲ ਵਧ ਰਹੇ ਲਾਂਘੇ ਸਬੰਧੀ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਹੋਈ। ਇਨ੍ਹਾਂ ਵਿੱਚ ਇੱਕ ਪੁਲ ਨੂੰ ਆਪਸ ਵਿੱਚ ਕਿਸ ਜਗ੍ਹਾ ਤੋਂ ਜੋੜਿਆ ਜਾਣ ਤੇ ਸਰਵਿਸ ਲਾਈਨ ਬਣਾਈ ਜਾਂ ਜਾਂ ਨਾ ਬਣਾਈ ਜਾਣ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਈ। ਮੀਟਿੰਗ ਮੁਕੰਮਲ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਚੀਫ਼ ਇੰਜਨੀਅਰ ਡੀਐਸ ਚਾਹਲ ਨੇ ਦੱਸਿਆ ਕੇ ਮੀਟਿੰਗ ਦੌਰਾਨ ਤਕਨੀਕੀ ਪਹਿਲੂਆਂ 'ਤੇ ਹੀ ਚਰਚਾ ਹੋਈ। ਜੇ ਜ਼ਰੂਰਤ ਪਈ ਤਾਂ ਮੀਟਿੰਗ ਦੁਬਾਰਾ ਵੀ ਬੁਲਾਈ ਜਾ ਸਕਦੀ ਹੈ।


ਚਾਹਲ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਤੇ ਇਸ ਨਾਲ ਹੀ ਪਾਕਿਸਤਾਨੀ ਰਾਸ਼ਟਰੀ ਗੀਤ ਵੀ ਗਾਇਆ। ਇਸ ਤੋਂ ਬਾਅਦ ਕਰਤਾਰਪੁਰ ਲਾਂਘੇ ਸਬੰਧੀ ਅਗਲੀ ਮੀਟਿੰਗ ਅਟਾਰੀ ਜਾਂ ਵਾਹਗਾ ਵਿਖੇ ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ।