ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪੀੜਤ ਪਾਕਿਸਤਾਨੀ ਸਿੱਖ ਪਰਿਵਾਰ ਦੀ ਵੀਡੀਓ ਸਾਂਝੀ ਕੀਤੀ ਹੈ। ਸਿਰਸਾ ਨੇ ਆਪਣੇ ਟਵੀਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੋਂ ਵੀ ਦਖ਼ਲ ਮੰਗਿਆ ਹੈ। ਵੀਡੀਓ ਵਿੱਚ ਸਿੱਖ ਨੌਜਵਾਨ ਮਨਮੋਹਨ ਸਿੰਘ ਦੱਸ ਰਿਹਾ ਹੈ ਕਿ ਉਸ ਦੀ ਭੈਣ ਜਗਜੀਤ ਕੌਰ ਨੂੰ ਕਿਹਾ ਗਿਆ ਕਿ ਜੇਕਰ ਉਸ ਨੇ ਇਸਲਾਮ ਕਬੂਲ ਨਹੀਂ ਕੀਤਾ ਤਾਂ ਉਸ ਦੇ ਪਿਤਾ ਤੇ ਭਰਾਵਾਂ ਨੂੰ ਗੋਲ਼ੀ ਮਾਰ ਦਿੱਤੀ ਜਾਵੇਗੀ।
ਵੀਡੀਓ ਵਿੱਚ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਮਦਦ ਕਰਨ ਲਈ ਕਿਹਾ ਹੈ ਤਾਂ ਜੋ ਇਸ ਮਸਲੇ ਕਾਰਨ ਕਰਤਾਰਪੁਰ ਸਾਹਿਬ ਕੌਰੀਡੋਰ ਤੇ ਕਸ਼ਮੀਰ ਜਿਹੇ ਮੁੱਦਿਆਂ 'ਤੇ ਪਾਕਿਸਤਾਨ ਨੂੰ ਨਮੋਸ਼ੀ ਝੱਲਣੀ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 31 ਅਗਸਤ ਤਕ ਉਨ੍ਹਾਂ ਦੀ ਭੈਣ ਨਾ ਵਾਪਸ ਆਈ ਤਾਂ ਉਹ ਲਹਿੰਦੇ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਸਾਹਮਣੇ ਖ਼ੁਦ ਆਤਮਦਾਹ ਕਰ ਲੈਣਗੇ। ਇਸ ਘਟਨਾ ਉਪਰੰਤ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਤੇ ਉਹ ਛੇਤੀ ਇਨਸਾਫ ਦੀ ਮੰਗ ਕਰ ਰਹੇ ਹਨ। ਉੱਧਰ, ਕੁੜੀ ਦੇ ਮਰਜ਼ੀ ਨਾਲ ਇਸਲਾਮ ਕਬੂਲ ਕਰਨ ਤੇ ਨਿਕਾਹ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।