ਚੰਡੀਗੜ੍ਹ: ਪੰਜਾਬ ਦੇ ਸਭ ਤੋਂ ਖ਼ਤਰਨਾਕ ਗੈਂਗਸਟਰਾਂ ਵਿੱਚ ਇੱਕ ਸੁਖਪ੍ਰੀਤ ਬੁੱਢਾ ਦੀ ਰੋਮਾਨੀਆ ਵਿੱਚੋਂ ਗ੍ਰਿਫਤਾਰੀ ਮਗਰੋਂ ਪੰਜਾਬ ਪੁਲਿਸ ਨੂੰ ਕਈ ਰਾਜ਼ ਖੁੱਲ੍ਹਣ ਦੀ ਉਮੀਦ ਹੈ। ਸੁਖਪ੍ਰੀਤ ਬੁੱਢਾ ਕਈ ਕੇਸਾਂ ਵਿੱਚ ਲੋੜੀਂਦਾ ਸੀ। ਬੁੱਢਾ ਤੋਂ ਪੁੱਛਗਿੱਛ ਦੌਰਾਨ ਅਨੇਕਾਂ ਤਰ੍ਹਾਂ ਦੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸੁਖਪ੍ਰੀਤ ਬੁੱਢਾ ਦੇ ਖਾਲਿਸਤਾਨੀਆਂ ਨਾਲ ਵੀ ਸਬੰਧ ਹਨ। ਪਿਛਲੇ ਕਈ ਕੇਸਾਂ ਵਿੱਚ ਉਸ ਦਾ ਨਾਂ ਸਾਹਮਣੇ ਆਇਆ ਸੀ। ਸੁਖਪ੍ਰੀਤ ਬੁੱਢਾ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਉਦਯੋਗਪਤੀਆਂ ਤੇ ਕਾਰੋਬਾਰੀਆਂ ਤੋਂ ਫਿਰੌਤੀਆਂ ਲੈਣ ਲਈ ਬਦਨਾਮ ਸੀ ਤੇ ਵੱਟਸਐਪ ਰਾਹੀਂ ਵਿਦੇਸ਼ੀ ਫੋਨ ਨੰਬਰ ਤੋਂ ਧਮਕੀਆਂ ਦਿੰਦਾ ਸੀ।

ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ ਉਸ ਨੂੰ ਰੋਮਾਨੀਆ ਵਿੱਚੋਂ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੀ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਰੋਮਾਨੀਆ ਗਈ ਸੀ। ਉਸ ਨੂੰ ਕਾਬੂ ਕਰਨ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦਾ ਵਿਸ਼ੇਸ਼ ਯੋਗਦਾਨ ਹੈ। ਜਦੋਂ ਇੰਟਰਪੋਲ ਤੇ ਪੰਜਾਬ ਪੁਲਿਸ ਦੀ ਟੀਮ ਨੇ ਉਸ ਦੀ ਛੁਪਣਗਾਹ ’ਤੇ ਛਾਪਾ ਮਾਰਿਆ ਤਾਂ ਇੱਕ ਹੋਰ ਗੈਂਗਸਟਰ ਵੀ ਉਸ ਦੇ ਘਰ ਮੌਜੂਦ ਸੀ। ਉਹ ਵੀ ਪੁਲਿਸ ਦੇ ਕਾਬੂ ਆ ਗਿਆ ਹੈ। ਉਸ ਨੂੰ ਵੀ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਪੁਲਿਸ ਮੁਤਾਬਕ ਦਵਿੰਦਰ ਬੰਬੀਹਾ ਦੀ 2016 ਵਿੱਚ ਮੌਤ ਤੋਂ ਬਾਅਦ ਉਹ ਬੰਬੀਹਾ ਗੈਂਗ ਦਾ ਸਰਗਨਾ ਬਣ ਗਿਆ ਸੀ। ਬੁੱਢਾ ਤੇ ਵਿੱਕੀ ਗੌਂਡਰ ਨੂੰ ਪੰਜਾਬ ਦੇ ਸਭ ਤੋਂ ਵੱਧ ਖਤਰਨਾਕ ਗੈਂਗਸਟਰ ਮੰਨਿਆ ਜਾਂਦਾ ਸੀ। ਉਸ ਵਿਰੁੱਧ 25 ਤੋਂ ਵੱਧ ਕੇਸ ਦਰਜ ਹਨ। ਉਸ ਵਿਰੁੱਧ ਪਿਛਲੇ ਮਹੀਨੇ ਖਰੜ ਸਿਟੀ ਥਾਣੇ ਵਿੱਚ ਵੀ ਖਰੜ ਵਾਸੀ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਅਧੀਨ ਕੇਸ ਦਰਜ ਹੈ।