ਗਗਨਦੀਪ ਸ਼ਰਮਾ


ਅੰਮ੍ਰਿਤਸਰ: ਕੈਨੇਡਾ ਦੇ ਓਂਟਾਰੀਓ ਸੂਬੇ ਦੀ ਬਰੈਂਪਟਨ ਵੈਸਟ ਸੀਟ ਤੋਂ 2018 ਵਿੱਚ ਐਮਪੀਪੀ ਚੁਣੇ ਗਏ ਅਮਰਜੋਤ ਸਿੰਘ ਸੰਧੂ ਅੱਜਕੱਲ੍ਹ ਪੰਜਾਬ ਦੀ ਫੇਰੀ 'ਤੇ ਆਏ ਹੋਏ ਹਨ। ਅਮਰਜੋਤ ਸੰਧੂ ਰਈਆ ਨੇੜਲੇ ਪਿੰਡ ਭਲਾਈਪੁਰ ਦੇ ਜੰਮਪਲ ਹਨ। ਬਚਪਨ ਵਿੱਚ ਮੁੱਢਲੀ ਪੜ੍ਹਾਈ ਉਨ੍ਹਾਂ ਨੇ ਰਈਆ ਤੋਂ ਹੀ ਹਾਸਲ ਕੀਤੀ। ਇਸ ਤੋਂ ਬਾਅਦ ਬੀਟੈੱਕ ਦੀ ਡਿਗਰੀ ਕਰਨ ਉਪਰੰਤ ਸੰਧੂ ਅਗਲੀ ਪੜ੍ਹਾਈ ਲਈ ਕੈਨੇਡਾ ਚਲੇ ਗਏ।

ਉਹ ਪਹਿਲੇ ਛੋਟੀ ਉਮਰ ਵਿੱਚ ਅਜਿਹੇ ਵਿਦਿਆਰਥੀ ਬਣੇ ਜਿਨ੍ਹਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਅਜ਼ਮਾਇਸ਼ ਕੀਤੀ ਤੇ 34 ਸਾਲ ਦੀ ਉਮਰ ਵਿੱਚ ਓਂਟਾਰੀਓ ਪ੍ਰਾਂਤ ਦੇ ਮੈਂਬਰ ਆਫ਼ ਪ੍ਰੋਵੈਨਸ਼ਨ ਪਾਰਲੀਮੈਂਟ ਚੁਣੇ ਗਏ। 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਿਆਸਤ ਦਾ ਸ਼ੌਕ ਸੀ ਕਿਉਂਕਿ ਪਰਿਵਾਰ ਦੇ ਮੈਂਬਰ ਪੰਜਾਬ ਵਿੱਚ ਸਿਆਸਤ ਨਾਲ ਜੁੜੇ ਹੋਏ ਸਨ।

ਇਸ ਕਾਰਨ ਸਿਆਸਤ ਵੈਸੇ ਹੀ ਗੁੜ੍ਹਤੀ ਵਿੱਚ ਮਿਲੀ ਸੀ ਭਾਵੇਂਕਿ ਉਹ ਕੈਨੇਡਾ ਪੜ੍ਹਾਈ ਕਰਨ ਗਏ ਸਨ ਪਰ ਉਥੋਂ ਦਾ ਮਾਹੌਲ ਦੇਖ ਕੇ ਉਨ੍ਹਾਂ ਨੂੰ ਕੰਜਰਵੇਟਿਵ ਪਾਰਟੀ ਦੀਆਂ ਨੀਤੀਆਂ ਚੰਗੀਆਂ ਲੱਗੀਆਂ। ਉਹ ਉਸ ਨਾਲ ਜੁੜ ਕੇ ਸਮਾਜ ਸੇਵਾ ਕਰਨ ਲੱਗੇ ਤੇ ਫਿਰ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਨਾਲ ਨਿਵਾਜਿਆ। ਉਹ ਐਮਪੀਪੀ ਵਜੋਂ ਚੁਣੇ ਗਏ।

ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਸਿਆਸਤ ਕਿਸੇ ਵੀ ਥਾਂ 'ਤੇ ਸੌਖੀ ਨਹੀਂ। ਹਰ ਦੇਸ਼ ਦਾ ਸਿਆਸੀ ਸਿਸਟਮ ਵੱਖ ਵੱਖ ਹੁੰਦਾ ਹੈ। ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਜਾ ਕੇ ਬਕਾਇਦਾ ਪੰਜਾਬੀਆਂ ਲਈ ਖਾਸ ਕੰਮ ਕੀਤਾ ਹੈ। ਅੰਮ੍ਰਿਤਸਰ ਤੇ ਕੈਨੇਡਾ ਵਿੱਚ ਏਅਰ ਕਨੈਕਟੀਵਿਟੀ ਘੱਟ ਹੋਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨਾਲ ਵੀ ਮੀਟਿੰਗ ਹੋਈ ਸੀ।

ਇਸ ਸਬੰਧੀ ਗੱਲਬਾਤ ਚੱਲ ਵੀ ਰਹੀ ਹੈ ਕਿਉਂਕਿ ਬਹੁਤ ਸਾਰੀ ਸੰਗਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਨ ਕਿ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀਆਂ ਫਲਾਈਟਾਂ ਵੀ ਚੱਲ ਜਾਣਗੀਆਂ। ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਮੁੱਦੇ 'ਤੇ ਸੰਧੂ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਇਸ ਖਿੱਤੇ ਵਿੱਚ ਸ਼ਾਂਤੀ ਵਧੇਗੀ ਤੇ ਬਾਬੇ ਨਾਨਕ ਦੇ ਦਰ ਤੇ ਲੋਕ ਦਰਸ਼ਨਾਂ ਲਈ ਜਾ ਸਕਣਗੇ। ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਜਦੋਂ ਵੀ ਮੌਕਾ ਮਿਲੇਗਾ, ਉਹ ਜ਼ਰੂਰ ਦਰਸ਼ਨਾਂ ਲਈ ਜਾਣਗੇ।

ਪੰਜਾਬ ਦੇ ਨੌਜਵਾਨ ਕੈਨੇਡਾ ਪ੍ਰਤੀ ਆਕਰਸ਼ਿਤ ਹੋਣ ਦੇ ਮੁੱਦੇ 'ਤੇ ਕਿਹਾ ਕਿ ਨੌਜਵਾਨਾਂ ਨੂੰ ਕੈਨੇਡਾ ਵਿੱਚ ਪੜ੍ਹਾਈ ਤੇ ਰੁਜ਼ਗਾਰ ਦੇ ਬਿਹਤਰ ਮੌਕੇ ਮਿਲਦੇ ਹਨ ਹਾਲਾਂਕਿ ਪੰਜਾਬ ਵਿੱਚ ਵੀ ਨੌਜਵਾਨ ਚੰਗੀ ਤਰੱਕੀ ਕਰ ਸਕਦੇ ਹਨ ਪਰ ਇੱਥੇ ਮਾਪੇ ਨਸ਼ਿਆਂ ਤੋਂ ਡਰਨ ਕਾਰਨ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਹਨ।

ਸੰਧੂ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿੱਚ ਪ੍ਰਤੀਨਿਧੀ ਵਜੋਂ ਚੁਣੇ ਜਾਣ ਤੇ ਪੰਜਾਬ ਨਾਲ ਜੁੜੇ ਲੋਕਾਂ ਨੂੰ ਆਪਣੇ ਪਿੰਡਾਂ ਦੀ ਤਰੱਕੀ ਲਈ ਵੀ ਉਦਮ ਕਰਨੇ ਚਾਹੀਦੇ ਹਨ ਤੇ ਉਹ ਖੁਦ ਵੀ ਆਪਣੇ ਪਿੰਡ ਭਲਾਈਪੁਰ ਦੇ ਲਈ ਜੋ ਵੀ ਕਰ ਸਕਦੇ ਹੋਣਗੇ ਜ਼ਰੂਰ ਕਰਨਗੇ। ਇਸ ਲਈ ਉਨ੍ਹਾਂ ਦੀ ਉਨ੍ਹਾਂ ਦੇ ਪਿੰਡ ਦੇ ਬਾਬਾ ਬਕਾਲਾ ਹਲਕੇ ਤੋਂ ਚੁਣੇ ਸੰਤੋਖ ਸਿੰਘ ਭਲਾਈਪੁਰ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ।