ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਾਲੇ ਦਸਤਾਵੇਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੱਤ ਮੈਂਬਰੀ ਜਾਂਚ ਕਮੇਟੀ ਨੂੰ ਸੌਂਪ ਦਿੱਤੇ ਗਏ ਹਨ। ਅਜਿਹੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਸੌਂਪੇ ਗਏ ਦਸਤਾਵੇਜ਼ਾਂ ਵਿੱਚ ਡੇਰਾ ਸਿਰਸਾ ਵੱਲੋਂ ਭੇਜਿਆ ਗਿਆ ਪੱਤਰ ਵੀ ਸ਼ਾਮਲ ਹੈ, ਜਿਸ ਦੇ ਆਧਾਰ 'ਤੇ ਮੁਆਫ਼ੀ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਡੇਰੇ ਤੋਂ ਮਿਲੇ ਪੱਤਰ ਵਿੱਚ ਕਿਤੇ ਵੀ ਖਿਮਾ ਜਾਚਨਾ ਦਾ ਜ਼ਿਕਰ ਨਹੀਂ ਸੀ।
ਕੀ ਹੈ ਪੂਰਾ ਮਾਮਲਾ-
ਮੁਅੱਤਲੀ ਮਗਰੋਂ ਪੰਜ ਤਖ਼ਤਾਂ ਦੇ ਮੁਖੀ ਸਿੰਘ ਸਾਹਿਬਾਨਾਂ ਨੇ ਬੈਠਕ ਵਿੱਚ ਗਿਆਨੀ ਇਕਬਾਲ ਸਿੰਘ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ। ਇਕਬਾਲ ਸਿੰਘ ਖ਼ਿਲਾਫ਼ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਦੂਜਾ ਵਿਆਹ ਤੇ ਉਨ੍ਹਾਂ ਦੇ ਪੁੱਤਰ ਦੀ ਸਿਗਰਟਨੋਸ਼ੀ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੇ ਡੇਢ ਦਹਾਕੇ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੀ ਕੁਰਸੀ 'ਤੇ ਕਾਬਜ਼ ਰਹਿ ਚੁੱਕੇ ਇਕਬਾਲ ਸਿੰਘ ਦਾ ਦਾਅਵਾ ਹੈ ਕਿ ਇਹ ਇਲਜ਼ਾਮ ਉਨ੍ਹਾਂ ਖ਼ਿਲਾਫ਼ ਕਿੜ੍ਹ ਕੱਢੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਜ਼ਾਹਰ ਹੈ ਇਕਬਾਲ ਸਿੰਘ ਹੁਣ ਇਨ੍ਹਾਂ ਮੁਆਫ਼ੀ ਸਬੰਧੀ ਡੇਰਾ ਸਿਰਸਾ ਤੋਂ ਆਏ ਕਾਗ਼ਜ਼ਾਤਾਂ ਨੂੰ ਆਪਣੇ ਬਚਾਅ ਵਜੋਂ ਵਰਤਣ ਲਈ ਕਮੇਟੀ ਸਨਮੁਖ ਪੇਸ਼ ਕਰ ਰਹੇ ਹਨ।