ਫ਼ਰੀਦਕੋਟ: ਸਾਲ 2015 ਵਿੱਚ ਵਾਪਰੇ ਅਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ ਨੇ ਨੇ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ’ਚ ਨਵੇਂ ਸਬੂਤ ਪੇਸ਼ ਕੀਤੇ ਹਨ। ਐਸਆਈਟੀ ਦਾ ਦਾਅਵਾ ਹੈ ਕਿ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਬਹਿਬਲ ਕਲਾਂ 'ਚ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਇਆ ਸੀ ਅਤੇ ਉਨ੍ਹਾਂ ਨਾਲ ਗਾਲ਼ੀ-ਗਲੋਚ ਵੀ ਕੀਤੀ।


ਐਸਆਈਟੀ ਨੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਮੈਡੀਕਲ ਰਿਪੋਰਟਾਂ ਤੇ ਹੋਰ ਸਬੂਤ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਮੁਜ਼ਾਹਰਾਕਾਰੀ ਸ਼ਾਂਤ ਸਨ, ਪਰ ਚਰਨਜੀਤ ਸ਼ਰਮਾ ਤੇ ਪ੍ਰਦੀਪ ਸਿੰਘ ਨੇ ਹਾਲਾਤ ਵਿਗਾੜੇ ਤੇ ਪ੍ਰਦਰਸ਼ਨਕਾਰੀਆਂ ਨੂੰ ਅਪਸ਼ਬਦ ਵੀ ਕਹੇ ਗਏ ਅਤੇ ਇੱਕ ਮੁਜ਼ਾਹਰਾਕਾਰੀ 'ਤੇ ਹੱਥ ਵੀ ਚੁੱਕਿਆ।

ਇਸ ਕੇਸ ’ਚ ਮੁਲਜ਼ਮ ਪੁਲਿਸ ਅਫਸਰਾਂ ਵੱਲੋਂ ਆਪਣੇ ਬਚਾਅ ਵਿੱਚ ਗੋਲ਼ੀ ਚਲਾਉਣ ਦੇ ਤਰਕ ਨੂੰ ਐਸਆਈਟੀ ਪਹਿਲਾਂ ਹੀ ਝੂਠਾ ਕਰਾਰ ਦੇ ਚੁੱਕੀ ਹੈ। ਐਸਆਈਟੀ ਮੁਤਾਬਕ 14 ਅਕਤੂਬਰ 2015 ਨੂੰ ਮੌਕੇ ’ਤੇ ਹਾਜ਼ਰ ਡਿਊਟੀ ਮੈਜਿਸਟ੍ਰੇਟ ਦੀ ਮਨਜ਼ੂਰੀ ਲਏ ਬਿਨਾਂ ਹੀ ਮੁਜ਼ਾਹਰਾਕਾਰੀਆਂ ’ਤੇ ਲਾਠੀਚਾਰਜ ਕੀਤਾ ਤੇ ਫਿਰ ਗੋਲ਼ੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਪੁਲਿਸ ਨੂੰ ਮੁਜ਼ਾਹਰਾਕਾਰੀਆਂ ਤੋਂ ਖਤਰਾ ਸੀ ਕਿਉਂਕਿ ਕਿਸੇ ਵੀ ਮੁਜ਼ਾਹਰਾਕਾਰੀ ਕੋਲ ਕੋਈ ਹਥਿਆਰ ਨਹੀਂ ਸੀ।

ਐਸਆਈਟੀ ਮੁਤਾਬਕ ਪੁਲਿਸ ਨੇ ਚਰਨਜੀਤ ਸ਼ਰਮਾ ਦੀ ਜਿਪਸੀ ’ਤੇ 12 ਬੋਰ ਦੀ ਬੰਦੂਕ ਨਾਲ ਖ਼ੁਦ ਗੋਲ਼ੀਆਂ ਚਲਾ ਕੇ ਝੂਠੇ ਸਬੂਤ ਤਿਆਰ ਕੀਤੇ ਹਨ। ਐਸਆਈਟੀ ਨੇ ਦੱਸਿਆ ਹੈ ਕਿ ਪੁਲਿਸ ਨੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਦਰਜ ਕੀਤੇ 129 ਨੰਬਰ ਮੁਕੱਦਮੇ ’ਚ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਏਐੱਸਆਈ ਸੁਰਿੰਦਰ ਕੁਮਾਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਆਤਮ ਰੱਖਿਆ ਲਈ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ, ਪਰ ਸੁਰਿੰਦਰ ਨੇ ਜਾਂਚ ਟੀਮ ਨੂੰ ਬਿਆਨ ਦਿੱਤੇ ਹਨ ਕਿ ਪੁਲਿਸ ਨੇ ਉਸ ਦੀ ਕੁੱਟਮਾਰ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਗੋਲ਼ੀ ਚਲਾ ਦਿੱਤੀ ਸੀ। ਫਾਇਰਿੰਗ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਹੀ ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਸਾੜੀਆਂ ਸਨ।