ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਵੱਖ-ਵੱਖ ਸਿਆਸੀ ਪਾਰਟੀਆਂ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਕਰ ਰਹੀਆਂ ਹਨ ਉੱਥੇ ਲੁਧਿਆਣਾ ਵਿੱਚ ਕਾਂਗਰਸ ਦੀ ਆਪਸੀ ਧੜੇਬਾਜ਼ੀ ਵੇਖਣ ਨੂੰ ਮਿਲ ਰਹੀ ਹੈ। ਦਰਅਸਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਆਪਣੇ ਪਿਛਲੇ 5 ਸਾਲਾਂ ਦੇ ਵਿਕਾਸ ਕਾਰਜਾਂ ਦੀ ਗਿਣਤੀ ਲੋਕਾਂ ਤਕ ਪਹੁੰਚਾਉਣ ਲਈ ਲੁਧਿਆਣਾ ਵਿੱਚ ਪੋਸਟਰ ਲਗਵਾਏ ਹਨ ਜਿਨ੍ਹਾਂ ’ਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਸਵਾਲ ਖੜੇ ਕੀਤੇ ਹਨ।



ਵਿਧਾਇਕ ਰਾਕੇਸ਼ ਪਾਂਡੇ ਨੇ ਰਵਨੀਤ ਬਿੱਟੂ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਬਿੱਟੂ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਰਕਰ ਨੂੰ ਸਨਮਾਨ ਨਹੀਂ ਦਿੱਤਾ। ਇਸ ਦੌਰਾਨ ਉਨ੍ਹਾਂ ਬਿੱਟੂ ਦੇ ਕੰਮਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਤਸਵੀਰਾਂ ਸਭ ਦੇ ਸਾਹਮਣੇ ਹਨ। ਹਾਲਾਂਕਿ ਉਨ੍ਹਾਂ ਕਾਂਗਰਸ ਪਾਰਟੀ ਦੇ ਨਾਲ ਖੜੇ ਹੋਣ ਦਾ ਦਾਅਵਾ ਕੀਤਾ ਹੈ।

ਲੋਕ ਸਭਾ ਚੋਣਾਂ ਵਿੱਚ ਹੁਣ ਕੁਝ ਸਮਾਂ ਹੀ ਬਚਿਆ ਹੈ ਤੇ ਇਸ ਸਮੇਂ ਵਿੱਚ ਕਾਂਗਰਸ ਦੀ ਆਪਸੀ ਧੜ੍ਹੇਬਾਜ਼ੀ ਪਾਰਟੀ ਹਾਈਕਮਾਨ ਲਈ ਮੁਸ਼ਕਲਾਂ ਖੜੀਆਂ ਕਰ ਸਕਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਰਵਨੀਤ ਸਿੰਘ ਬਿੱਟੂ ਇਸ ਦਾ ਹੱਲ ਕਿਵੇਂ ਕੱਢਦੇ ਹਨ। ਫਿਲਹਾਲ ਉਨ੍ਹਾਂ ਇਸ ਬਾਰੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।