ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਗਠਿਤ ਕਰ ਦਿੱਤੀ ਹੈ।ਕਮੇਟੀ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਜਥੇਦਾਰ ਸਿਕੰਦਰ ਸਿੰਘ ਮਲੂਕਾ ਕਰਨਗੇ।ਕਮੇਟੀ ਦੇ ਹੋਰ ਮੈਂਬਰਾਂ ਵਿਚ ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਲ ਕੀਤਾ ਗਿਆ ਹੈ।


ਸ਼੍ਰੋਮਣੀ ਅਕਾਲੀ ਦਲ 'ਚ ਅੰਦਰਖਾਤੇ ਵੱਡੀ ਖਿਚੜੀ ਪੱਕ ਰਹੀ ਹੈ ਤੇ ਰੋਜ਼ਾਨਾ ਅਜਿਹੀਆਂ ਮੀਟਿੰਗਾਂ ਹੋ ਰਹੀਆਂ, ਜੋ ਪਾਰਟੀ ਪ੍ਰਧਾਨ ਨੂੰ ਭਰੋਸੇ 'ਚ ਲਏ ਤੋਂ ਬਗੈਰ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ। ਅਜਿਹੀ ਹੀ ਮੀਟਿੰਗ ਕੱਲ੍ਹ ਅੰਮ੍ਰਿਤਸਰ 'ਚ ਮਰਹੂਮ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਣ ਸਿੰਘ ਕਾਹਲੋਂ ਦੀ ਰਿਹਾਇਸ਼ 'ਤੇ ਹੋਈ, ਜਿਸ 'ਚ ਹਾਲ ਹੀ 'ਚ ਰਾਸ਼ਟਰਪਤੀ ਦੀਆਂ ਚੋਣਾਂ 'ਚ ਪਾਰਟੀ ਨੂੰ ਬਾਗੀ ਤੇਵਰ ਦਿਖਾਉਣ ਵਾਲੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮੇਤ ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ, ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਸੀਨੀਅਰ ਆਗੂ ਮੌਜੂਦ ਰਹੇ। 
 
ਹਾਲਾਂਕਿ ਮੀਟਿੰਗ ਤੋੰ ਬਾਹਰ ਆ ਕੇ ਭਾਵੇਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਸੀਂ ਪਾਰਟੀ ਮਜਬੂਤੀ ਲਈ ਮੀਟਿੰਗਾਂ ਕਰ ਰਹੇ ਹਾਂ ਤੇ ਭਵਿੱਖ 'ਚ ਵੀ ਹੋਣਗੀਆਂ ਤੇ ਛੇਤੀ ਹੀ ਪਾਰਟੀ ਪ੍ਰਧਾਨ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਤੇ ਜੋ ਵਰਕਰਾਂ ਦੀਆਂ ਭਾਵਨਾਵਂ ਹੋਣਗੀਆਂ ,ਉਹ ਪਾਰਟੀ ਪ੍ਰਧਾਨ ਨੂੰ ਦੱਸੀਆਂ ਜਾਣਗੀਆਂ ਕਿਉਂਕਿ ਪੰਜਾਬ ਦੀ ਭਲਾਈ ਲਈ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਜਰੂਰੀ ਹੈ। 
 
ਦੱਸ ਦੇਈਏ ਕਿ ਇਸ ਤੋਂ ਕਈ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਝੂੰਦਾ ਕਮੇਟੀ ਦੀ 16 ਮੈਂਬਰੀ ਕਮੇਟੀ ਦੀ ਰਿਪੋਰਟ ਉਤੇ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਕਾਨਫਰੰਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਝੂੰਦਾ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਕੋਰ ਕਮੇਟੀ ਨੇ ਝੂੰਦਾਂ ਕਮੇਟੀ ਦੀਆਂ ਸਿਫਾਰਿਸ਼ ਮੰਨੀਆਂ ਹਨ। ਪਾਰਟੀ ਨੂੰ ਅੱਗੇ ਲਿਜਾਉਣ ਲਈ ਚੰਗੇ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਰਿਪੋਰਟ ਦੀਆਂ ਸਿਫਾਰਸ਼ਾਂ ਉਤੇ ਫੈਸਲਾ ਲੈਣ ਦਾ ਅਧਿਕਾਰ ਪਾਰਟੀ ਪ੍ਰਧਾਨ ਨੂੰ ਦਿੱਤਾ ਗਿਆ ਹੈ।


ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀਆਂ ਰਵਾਇਤਾਂ ਮੁਤਾਬਕ ਪਾਰਟੀ ਪਲੇਟਫਾਰਮ ’ਤੇ ਹੀ ਖੁਲ੍ਹ ਦਿਲੀ ਨਾਲ ਲੋਕਤੰਤਰੀ ਤਰੀਕੇ ਵਿਚਾਰ ਰੱਖਣ ਅਤੇ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਪਾਰਟੀ ਦੀ ਜਥੇਬੰਦਕ ਏਕਤਾ ਤੇ ਮਜ਼ਬੂਤੀ ਬਾਰੇ ਗੈਰ ਲੋੜੀਂਦੇ ਭੁਲੇਖੇ ਫੈਲਾਉਣ ਦੀ ਆਗਿਆ ਨਾ ਦੇਣ।


ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਦੀ ਮਜ਼ਬੂਤੁੀ ਲਈ ਹਰ ਵਿਚਾਰ ਦਾ ਸਵਾਗਤ ਹੈ ਪਰ ਸਿਰਫ ਪਾਰਟੀ ਪਲੇਟਫਾਰਮ ’ਤੇ ਜਿਵੇਂ ਕਿ ਬੀਤੇ ਸਮੇਂ ਵਿਚ ਪਾਰਟੀ ਦੀ ਰਵਾਇਤ ਰਹੀ ਹੈ। ਪਾਰਟੀ ਪਲੇਟਫਾਰਮ ਤੋਂ ਬਾਹਰ ਅਜਿਹੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਨੁਸ਼ਾਸ਼ਨਹੀਣਤਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਪਾਰਟੀ ਦੇ ਅੰਦਰੂਨੀ ਮਾਮਲੇ ਹਮੇਸ਼ਾ ਪਾਰਟੀ ਪਲੇਟਫਾਰਮ ’ਤੇ ਹੀ ਵਿਚਾਰੇ ਜਾਣੇ ਚਾਹੀਦੇ ਹਨ। ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਵਿਚ ਅਨੁਸ਼ਾਸ਼ਨਹੀਣਤਾ ਦੀ ਕੋਈ ਥਾਂ ਨਹੀਂ ਹੈ ਤੇ ਪਾਰਟੀ ਦੇ ਅੰਦਰੂਨੀ ਮਾਮਲਿਆਂ ’ਤੇ ਹੋਰ ਕਿਤੇ ਵਿਚਾਰ ਪ੍ਰਗਟ ਕਰਨਾ ਜਾਂ ਕੋਈ ਗਤੀਵਿਧੀ ਕਰਨਾ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਨੂੰ ਅਫਵਾਹਾਂ, ਕੂੜ ਪ੍ਰਚਾਰ ਤੇ ਗਲਤ ਸੂਚਨਾਵਾਂ ਦੇਣ ਦਾ ਮੌਕਾ ਪ੍ਰਦਾਨ ਕਰਦਾ ਹੈ ਤਾਂ ਜੋ ਸੰਗਠਨ ਨੂੰ ਕਮਜ਼ੋਰ ਕੀਤਾ ਜਾ ਸਕੇ।


ਓਧਰ ਅੰਮ੍ਰਿਤਸਰ 'ਚ ਰਵੀਕਰਨ ਕਾਹਲੋਂ ਦੇ ਘਰ ਅਕਾਲੀ ਦਲ ਦੇ ਕਈ ਆਗੂਆਂ ਦੀ ਮੀਟਿੰਗ ਹੋਈ ਹੈ। ਜਿਸ ਵਿੱਚ ਜਗਮੀਤ ਬਰਾੜ, ਵਿਧਾਇਕ ਮਨਪ੍ਰੀਤ ਇਆਲੀ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਬੰਡਾਲਾ, ਬੋਨੀ ਅਜਨਾਲਾ, ਚਰਨਜੀਤ ਅਟਵਾਲ ਤੋਂ ਇਲਾਵਾ ਕਈ ਆਗੂ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਵਿਧਾਇਕ ਇਆਲੀ ਨੇ ਪਾਰਟੀ ਵੱਲੋਂ ਐਨਡੀਏ ਉਮੀਦਵਾਰ ਨੂੰ ਸਮਰਥਨ ਦੇਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਰਾਸ਼ਟਰਪਤੀ ਚੋਣ ਵਿੱਚ ਵੋਟ ਨਹੀਂ ਪਾਈ ਸੀ। ਅੰਮ੍ਰਿਤਸਰ ਮੀਟਿੰਗ ਨੂੰ ਲੈ ਕੇ ਪਾਰਟੀ ਹਾਈਕਮਾਂਡ ਨਾਰਾਜ਼ ਹੈ।