Gurpatwant Pannu echoed in the Lok Sabha: ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਚਰਚਾ ਅੱਜ ਲੋਕ ਸਭਾ ਵਿੱਚ ਹੋਈ ਹੈ। ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀ ਕਥਿਤ ਤੌਰ 'ਤੇ ਰਚੀ ਗਈ ਸਾਜ਼ਿਸ਼ ਦੇ ਮੁੱਦੇ 'ਤੇ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਨੂੰ ਲੋਕ ਸਭਾ ਵਿੰਚ ਕਿਹਾ ਕਿ ਭਾਰਤੀ ਵਿਦੇਸ਼ ਮੰਤਰਾਲਾ ਗੁਰਪਤਵੰਤ ਸਿੰਘ ਪੰਨੂ ਨਾਲ ਜੁੜੇ ਮਾਮਲੇ ’ਚ ਅਮਰੀਕਾ ਅੱਗੇ ਆਪਣੇ ਪੱਖ ਮਜ਼ਬੂਤੀ ਨਾਲ ਰੱਖੇ।
ਲੋਕ ਸਭਾ ਦੇ ਸਰਦ ਰੁੱਤ ਇਜਲਾਸ ਦੀ ਅੱਜ ਦੀ ਕਾਰਵਾਈ ਦੇ ਸਿਫ਼ਰ ਕਾਲ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਪੰਨੂ ਦਾ ਮੁੱਦਾ ਚੁੱਕਿਆ ਸੀ। ਰਵਨੀਤ ਬਿੱਟੂ ਨੇ ਇਹ ਮੁੱਦਾ ਚੁਕਦਿਆਂ ਦਾਅਵਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਅਮਰੀਕੀ ਅਧਿਕਾਰੀਆਂ ਨੂੰ 26 ਦਫ਼ਾ ਲਿਖੇ ਜਾਣ ਦੇ ਬਾਵਜੂਦ ਅਮਰੀਕਾ ਨੇ ਪੰਨੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਹ ਇਹ ਸਮਝਣ ’ਚ ਨਾਕਾਮ ਰਹੇ ਹਨ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਪੰਨੂ ਖ਼ਿਲਾਫ਼ ਕਿਹੜੇ ‘ਸਟੀਕ ਸਬੂਤ’ ਮੰਗੇ ਜਾ ਰਹੇ ਹਨ। ਕਾਂਗਰਸ ਆਗੂ ਨੇ ਕਿਹਾ,‘‘ਜੋਕਰ ਪੰਨੂ ਸਾਡੀ ਸੰਸਦ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਗੱਲ ਕਰਦਾ ਹੈ।
ਸਾਜਿਸ਼ ਦਾ ਕੀ ਹੈ ਪੂਰਾ ਮਾਮਲਾ
ਵਿਦੇਸ਼ 'ਚ ਬੈਠੇ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ 'ਤੇ ਹਮਲਾ ਕੀਤਾ ਜਾਣਾ ਸੀ। ਜਿਸ ਨੂੰ ਅਮਰੀਕਾ ਨੇ ਨਾਕਾਮ ਕਰ ਦਿੱਤਾ ਹੈ। ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਇਸ ਦਾ ਦਾਅਵਾ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ 'ਚ ਕੀਤਾ ਗਿਆ ਹੈ।
ਇਸ ਤੋਂ ਬਾਅਦ ਅਮਰੀਕਾ ਨੇ ਭਾਰਤ ਸਰਕਾਰ 'ਤੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲਗਾਏ ਹਨ। ਅਤੇ ਕੂਟਨੀਤੀਕ ਚਿਤਾਵਨੀ ਵੀ ਭਾਰਤ ਨੂੰ ਦੇ ਦਿੱਤੀ ਗਈ ਹੈ। ਹੁਣ ਸਵਾਲ ਇਹ ਹੈ ਕਿ ਆਖਰ ਅਮਰੀਕਾ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਅਜਿਹੇ ਦਾਅਵੇ ਕਿਉਂ ਕਰ ਰਿਹਾ ਹੈ ?
ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਅਮਰੀਕੀ ਧਰਤੀ 'ਤੇ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਕਥਿਤ ਤੌਰ 'ਤੇ ਇਹ ਸਾਜ਼ਿਸ਼ ਭਾਰਤ ਵੱਲੋਂ ਰਚੀ ਜਾ ਰਹੀ ਸੀ ਅਤੇ ਇਸ ਰਾਹੀਂ ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ।