Cheated 50 Girls By Creating A Fake Profile:  ਆਪਣੇ ਆਪ ਨੂੰ ਕੈਨੇਡੀਅਨ ਨਾਗਰੀਕ ਦੱਸ ਕੇ ਪੰਜਾਬ ਦੀਆਂ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਲੇ ਨੌਜਵਾਨ ਠੱਗ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਇਹਨ ਮੁਲਜ਼ਮ ਕਈ ਲੜਕੀਆਂ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾ ਚੁੱਕਿਆ ਹੈ। 



ਇਸ ਮੁਲਜ਼ਮ ਨੇ ਸ਼ਾਦੀ ਡਾਟ ਕਾਮ 'ਤੇ ਆਪਣੀ ਪ੍ਰੋਫਾਈਲ ਬਣਾਈ ਹੋਈ ਸੀ। ਜਿਸ ਵਿੱਚ ਇਸ ਨੇ ਫੇਕ ਪ੍ਰੋਫਾਈਲ ਤਿਆਰ ਕੀਤੀ ਅਤੇ ਆਪਣੇ ਆਪ ਨੂੰ ਕੈਨੇਡਾ ਦਾ ਨਾਗਰੀਕ ਦੱਸਿਆ ਹੋਇਆ ਸੀ। ਇਸ ਲਈ ਕੈਨੇਡਾ ਦੇ ਰਹਿਣ ਵਾਲਾ ਸਮਝ ਕੇ ਕੁੜੀਆਂ ਇਸ ਦੇ ਜਾਲ ਵਿੱਚ ਫਸ ਜਾਂਦੀਆਂ ਸਨ। 



ਇਹ ਮੁਲਜ਼ਮ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਅਤੇ ਦਿੱਲੀ ਤੋਂ ਵੀ ਲੜਕੀਆਂ ਨੂੰ ਫਸਾਉਂਦਾ ਸੀ। ਸਰੀਰਕ ਸ਼ੋਸ਼ਣ ਤੋਂ ਬਾਅਦ ਮੁਲਜ਼ਮ ਕੁੱਟਮਾਰ ਵੀ ਕਰਦਾ ਸੀ। ਜਲੰਧਰ ਦੇਹਾਤ ਪੁਲਿਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੁਣ ਤੱਕ ਇਹ ਧੋਖੇਬਾਜ਼ 50 ਦੇ ਕਰੀਬ ਲੜਕੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਕਈਆਂ ਨਾਲ ਉਸ ਦੇ ਸਰੀਰਕ ਸਬੰਧ ਵੀ ਸਨ। ਪੀੜਤ ਲੜਕੀਆਂ ਦੀ ਸ਼ਿਕਾਇਤ ਜਲੰਧਰ ਦੇਹਾਤ ਪੁਲਿਸ ਕੋਲ ਆਉਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ। ਇਸ ਮਗਰੋਂ ਮੁਲਜ਼ਮ ਨੂੰ ਗੁਰਾਇਆ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ।


ਗੁਰਾਇਆ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਇੱਕ ਲੜਕੀ ਨੇ ਹਿੰਮਤ ਜੁਟਾ ਕੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਬਹਾਨਾ ਲਾ ਕੇ ਉਸ ਨਾਲ 1.50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮ 60 ਹਜ਼ਾਰ ਰੁਪਏ ਹੋਰ ਮੰਗ ਰਿਹਾ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਨਾਲ ਸਰੀਰਕ ਸਬੰਧ ਵੀ ਸਨ।



ਮੁਲਜ਼ਮ ਦੀ ਪਛਾਣ ਹਰਪਾਲ ਸਿੰਘ ਵਾਸੀ ਬੀਹਾਲਾ ਥਾਣਾ ਟੱਲੇਵਾਲ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਖਾਸ ਗੱਲ ਇਹ ਹੈ ਕਿ ਹਰਪਾਲ ਸਿੰਘ ਕਦੇ ਵੀ ਕੈਨੇਡਾ ਨਹੀਂ ਗਿਆ ਪਰ ਉਹ ਕੈਨੇਡਾ ਦਾ ਨਾਗਰਿਕ ਹੋਣ ਦਾ ਝਾਂਸਾ ਦੇ ਕੇ ਲੜਕੀਆਂ ਨੂੰ ਫਸਾਉਂਦਾ ਸੀ। ਮੁਲਜ਼ਮ ਲੜਕੀਆਂ ਨੂੰ ਆਪਣੇ ਵੱਖ-ਵੱਖ ਨਾਂ ਦੱਸਦਾ ਸੀ। ਉਸ ਨੇ ਸ਼ਾਦੀ ਡਾਟ ਕਾਮ 'ਤੇ ਸੰਦੀਪ ਸਿੰਘ ਕੈਨੇਡਾ ਦੇ ਨਾਂ 'ਤੇ ਪ੍ਰੋਫਾਈਲ ਬਣਾਈ ਸੀ।


ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੋਨ ’ਚੋਂ ਕਰੀਬ 50 ਲੜਕੀਆਂ ਦੀਆਂ ਫੋਟੋਆਂ ਮਿਲੀਆਂ ਹਨ। ਮੁਲਜ਼ਮਾਂ ਨੇ ਉਨ੍ਹਾਂ ਨੂੰ ਵਰਗਲਾ ਕੇ ਫਸਾਇਆ ਸੀ। ਮੁਲਜ਼ਮ ਇਨ੍ਹਾਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਕੈਨੇਡਾ ਲਿਜਾਣ ਦਾ ਸੁਪਨਾ ਦੇਖ ਰਿਹਾ ਸੀ। ਹੁਣ ਤੱਕ ਉਹ ਲੜਕੀਆਂ ਨਾਲ 60 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਹੈ।