ਤਰਨ ਤਾਰਨ : ਸ਼੍ਰੀ ਅਮਰਨਾਥ ਯਾਤਰਾ ਤੋਂ ਡਿਊਟੀ ਕਰਕੇ ਵਾਪਸ ਪਰਤ ਰਹੇ ITBP ਫੌਜੀ ਜਵਾਨਾਂ ਦੀ ਬੱਸ ਪਹਿਲਗਾਮ ਨੇੜੇ ਖੱਡ ਵਿੱਚ ਡਿੱਗਣ ਨਾਲ ਤਰਨਤਾਰਨ ਦੇ ਕਸਬਾ ਪੱਟੀ ਦੇ ਪਿੰਡ ਮਨਿਆਲਾ ਜੈ ਸਿੰਘ ਦੇ ਵਾਸੀ ਕਾਂਸਟੇਬਲ ਦੁਲਾ ਸਿੰਘ ਦੀ ਮੌਤ ਹੋ ਗਈ ਹੈ। ਕਾਂਸਟੇਬਲ ਦੂਲਾ ਸਿੰਘ ਦੇ ਦੇਹਾਂਤ ਦੀ ਖਬਰ ਜਿਉਂ ਹੀ ਪਿੰਡ ਪੁੱਜੀ ਤਾਂ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਸ਼ਹੀਦ ਜਵਾਨ ਦੇ ਛੋਟੇ ਭਰਾ ਜਸਵੰਤ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਦੁਲਾ ਸਿੰਘ 1993 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਮ੍ਰਿਤਕ ਜਵਾਨ ਆਪਣੇ ਪਿੱਛੇ ਪਤਨੀ, ਦੋ ਲੜਕੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ। ਉਨ੍ਹਾਂ ਨੂੰ ਪਹਿਲਗਾਮ ਵਿੱਚ ਬੱਸ ਦੇ ਖੱਡ ਵਿੱਚ ਡਿੱਗਣ ਦੀ ਸੂਚਨਾ ਦੁਪਹਿਰ 12 ਵਜੇ ਅਤੇ ਕਾਂਸਟੇਬਲ ਦੁਲਾ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਦੁਪਹਿਰ 1 ਵਜੇ ਮਿਲੀ ਸੀ।
ਦੱਸ ਦੇਈਏ ਕਿ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿੱਚ ਪਹਿਲਗਾਮ ਨੇੜੇ ਇੱਕ ਸੜਕ ਹਾਦਸੇ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ 7 ਜਵਾਨ ਸ਼ਹੀਦ ਹੋ ਗਏ ਜਦਕਿ 35 ਹੋਰ ਜ਼ਖ਼ਮੀ ਹੋ ਗਏ ਹਨ। ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨ ਵੀ ਜ਼ਖ਼ਮੀਆਂ ਵਿੱਚ ਸ਼ਾਮਲ ਹਨ। ਜ਼ਖਮੀਆਂ ਨੂੰ ਅਨੰਤਨਾਗ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਿਸ ਦੀ ਬੱਸ 'ਚ ਸਵਾਰ ਇਹ ਜਵਾਨ ਜਦੋਂ ਚੰਦਨਬਾੜੀ ਤੋਂ ਪਹਿਲਗਾਮ ਵੱਲ ਆਏ ਤਾਂ ਰਸਤੇ 'ਚ ਪਹਿਲਗਾਮ ਰੋਡ 'ਤੇ ਸਥਿਤ ਫਰਿਸਲਾਨ ਨੇੜੇ ਬੱਸ ਚਾਲਕ ਨੇ ਗੱਡੀ ਤੋਂ ਸੰਤੁਲਨ ਖੋਹ ਲਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ ਅਤੇ ਬੱਸ ਖੱਡ ਵਿੱਚ ਜਾ ਡਿੱਗੀ। ਡਾਕਟਰਾਂ ਨੇ 7 ਜਵਾਨਾਂ ਨੂੰ ਸ਼ਹੀਦ ਐਲਾਨ ਦਿੱਤਾ ਜਦਕਿ 35 ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਹੈੱਡ ਕਾਂਸਟੇਬਲ ਦੁਲਾ ਸਿੰਘ ਪੰਜਾਬ ਤਰਨਤਾਰਨ, ਬਿਹਾਰ ਲਖੀਸਰਾਏ ਕਾਂਸਟੇਬਲ ਅਭਿਰਾਜ, ਉੱਤਰ ਪ੍ਰਦੇਸ਼ ਇਜਾਵਾ ਕਾਂਸਟੇਬਲ ਅਮਿਤ ਕੇ, ਆਂਧਰਾ ਪ੍ਰਦੇਸ਼ ਕਡੱਪਾ ਕਾਂਸਟੇਬਲ ਡੀ ਰਾਜ ਸ਼ੇਖਰ, ਰਾਜਸਥਾਨ ਸੀਕਰ ਕਾਂਸਟੇਬਲ ਸੁਭਾਸ਼ ਸੀ ਬੇਰਵਾਲ, ਉੱਤਰਾਖੰਡ ਪਿਥੌਰਾਗੜ੍ਹ ਦੇ ਕਾਂਸਟੇਬਲ ਦਿਨੇਸ਼ ਅਤੇ ਜੰਮੂ ਕਸ਼ਮੀਰ ਦੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਹੋਈ ਹੈ।