ਚੰਡੀਗੜ੍ਹ: ਮੋਦੀ ਸਰਕਾਰ ਵੱਲੋਂ ਬੱਬਰ ਖ਼ਾਲਸਾ ਦੇ ਮੈਂਬਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ 'ਤੇ ਸਿਆਸਤ ਗਰਮਾ ਗਈ ਹੈ। ਰਾਜੋਆਣਾ ਨੂੰ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ, 1995 ਨੂੰ ਹੋਈ ਹੱਤਿਆ ਮਾਮਲੇ ਵਿੱਚ ਨਿਭਾਈ ਭੂਮਿਕਾ ਲਈ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਲੁਧਿਆਣਾ ਤੋਂ ਲੋਕ ਸਭਾ ਮੈਂਬਰ ਤੇ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੇ ਕਿਹਾ ਕਿ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨਾ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦਹਿਸ਼ਤਵਾਦ ਨਾਲ ਲੜਾਈ ਦੇ ਮੁੱਦੇ ’ਤੇ ਕੇਂਦਰ ਦੀ ਬੀਜੇਪੀ ਸਰਕਾਰ ਦਾ ਦਹਿਸ਼ਤਵਾਦ ਵਿਰੋਧੀ ਦੋਗਲਾ ਚਿਹਰਾ ਬੇਨਕਾਬ ਹੋ ਜਾਵੇਗਾ।
ਦੂਜੇ ਪਾਸੇ ਇਹ ਵੀ ਚਰਚਾ ਛਿੜ ਗਈ ਹੈ ਕਿ ਬੀਜੇਪੀ ਨੇ ਸਿੱਖਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਹੈ। ਬੀਜੇਪੀ ਪਿਛਲੇ ਸਮੇਂ ਤੋਂ ਪੰਜਾਬ ਵਿੱਚ ਤੇ ਖਾਸਕਰ ਸਿੱਖ ਵੋਟਰਾਂ ਵਿੱਚ ਸੰਨ੍ਹ ਲਾਉਣ ਦੀ ਵਿਉਂਤਾਂ ਘੜ ਰਹੀ ਹੈ। ਇਸ ਲਈ ਪੰਜਾਬ ਦੀ ਕਮਾਨ ਸੰਭਾਲਣ ਲਈ ਸਿੱਖ ਚਿਹਰਿਆਂ ਦੀ ਤਲਾਸ਼ ਵੀ ਜਾਰੀ ਹੈ। ਇਸ ਨੂੰ ਬੀਜੇਪੀ ਵੱਲੋਂ ਹਰਿਆਣਾ ਵਿੱਚ ਅਕਾਲੀ ਦਲ ਨਾਲ ਰਲ ਚੋਣਾਂ ਲੜਨ ਤੋਂ ਨਾਂਹ ਕਰਨ ਨਾਲ ਵੀ ਜੋੜਿਆ ਜਾ ਰਿਹਾ ਹੈ।
ਰਾਜੋਆਣਾ ਦੀ ਸਜ਼ਾ ਤਬਦੀਲੀ ਸਬੰਧੀ ਫੈਸਲੇ ਨੂੰ ਸਿੱਖ ਸਿਆਸਤ ਵਿੱਚ ਬੀਜੇਪੀ ਨੂੰ ਸਿੱਖ ਪੱਖੀ ਵਿਖਾਉਣ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ। ਉਧਰ, ਇਸ ਮਾਮਲੇ 'ਤੇ ਅਕਾਲੀ ਦਲ ਆਪਣੀ ਪਿੱਠ ਥਾਪੜ ਰਿਹਾ ਹੈ। ਅਕਾਲੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਿਹਨਤ ਦਾ ਹੀ ਸਿੱਟਾ ਹੈ। ਕਾਂਗਰਸ ਦੀ ਹਾਲਤ ਦਿਲਚਸਪ ਬਣੀ ਹੋਈ ਹੈ। ਮੁੱਖ ਮੰਤਰੀ ਕੈਪਟਨ ਨੇ ਇਸ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਸ ਲਈ ਧਨਵਾਦ ਕੀਤਾ ਹੈ ਜਦੋਂਕਿ ਸੰਸਦ ਮਾਂਬਰ ਰਵਨੀਤ ਬਿੱਟੂ ਇਸ ਦਾ ਵਿਰੋਧ ਕਰ ਰਹੇ ਹਨ।