ਚੰਡੀਗੜ੍ਹ: ਪੰਜਾਬ ਦੇ ਕਈ ਹਿੱਸਿਆਂ ਵਿੱਚ ਬੇਮੌਸਮੇ ਮੀਂਹ ਨੇ ਕਿਸਾਨਾਂ 'ਤੇ ਕਹਿਰ ਢਾਹਿਆ ਹੈ। ਝੋਨੇ ਤੋਂ ਇਲਾਵਾ ਸਭ ਤੋਂ ਵੱਧ ਨੁਕਸਾਨ ਸਬਜ਼ੀਆਂ ਦੀ ਕਾਸ਼ਤ ਨੂੰ ਹੋਇਆ ਹੈ। ਮੀਂਹ ਨਾਲ ਕੁਝ ਥਾਵਾਂ ’ਤੇ ਮਟਰ, ਗਾਜਰ, ਮੂਲੀ ਤੇ ਹੋਰ ਸਬਜ਼ੀਆਂ ਮਾਰੀਆਂ ਗਈਆਂ ਹਨ। ਕਾਸ਼ਤਕਾਰਾਂ ਨੂੰ ਇਨ੍ਹਾਂ ਦੀ ਬਿਜਾਈ ਮੁੜ ਕਰਨੀ ਪਵੇਗੀ। ਇਸ ਤੋਂ ਇਲਾਵਾ ਸਬਜ਼ੀਆਂ ਦੀ ਕਾਸ਼ਤ ਕਾਫੀ ਪੱਛੜ ਵੀ ਜਾਏਗੀ।

ਦਰਅਸਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦੋ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਕਰਕੇ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ। ਕੁਝ ਇਲਾਕਿਆਂ ਵਿੱਚ ਫ਼ਸਲਾਂ ਵਿਛਣ ਦੀਆਂ ਵੀ ਰਿਪੋਰਟਾਂ ਹਨ। ਕੁਝ ਮੰਡੀਆਂ ਵਿੱਚ ਝੋਨੇ ਦੀਆਂ ਢੇਰੀਆਂ ਗਿੱਲੀਆਂ ਹੋ ਗਈਆਂ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਸੋਮਵਾਰ ਨੂੰ ਵੀ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਪਠਾਨਕੋਟ ਵਿੱਚ ਸਭ ਤੋਂ ਵੱਧ 59 ਮਿਲੀਮੀਟਰ ਮੀਂਹ ਪਿਆ। ਅੰਮ੍ਰਿਤਸਰ ਵਿੱਚ 17, ਲੁਧਿਆਣਾ ਵਿੱਚ 5 ਤੇ ਪਟਿਆਲਾ ਵਿੱਚ ਢਾਈ ਮਿਲੀਮੀਟਰ ਮੀਂਹ ਪਿਆ। ਕੁਝ ਥਾਵਾਂ ’ਤੇ ਦੇਰ ਸ਼ਾਮ ਵੀ ਕਿਣਮਿਣ ਜਾਰੀ ਸੀ। ਬੱਦਲ ਛਾਏ ਹੋਣ ਕਰਕੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀਆਂ ਰਈਆ, ਜੰਡਿਆਲਾ ਗੁਰੂ, ਭਗਤਾਂਵਾਲੀ, ਤਰਨ ਤਾਰਨ ਜ਼ਿਲ੍ਹੇ ਦੀ ਮੰਡੀ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਰਕੇ ਝੋਨਾ ਪੂਰੀ ਤਰ੍ਹਾਂ ਗਿੱਲਾ ਹੋ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਝੋਨੇ ਦੀ ਕਟਾਈ ਦਾ ਕੰਮ ਹਫ਼ਤੇ ਲਈ ਪੱਛੜ ਗਿਆ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ ਵਿੱਚ ਵੀ ਫ਼ਸਲਾਂ ਨੂੰ ਕੁਝ ਨੁਕਸਾਨ ਪਹੁੰਚਿਆ ਹੈ। ਪਟਿਆਲਾ, ਫ਼ਰੀਦਕੋਟ, ਮੋਗਾ ਤੇ ਲੁਧਿਆਣਾ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਝੋਨੇ ਦੀ ਖੇਤਾਂ ਵਿੱਚ ਖੜੀ ਫ਼ਸਲ ਵਿਛ ਗਈ ਹੈ। ਇਹੋ ਜਿਹੀ ਹਾਲਤ ਫਤਿਹਗੜ੍ਹ ਜ਼ਿਲ੍ਹੇ ਵਿੱਚ ਵੀ ਹੈ। ਉਧਰ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਏਰੀ ਦਾ ਕਹਿਣਾ ਹੈ ਕਿ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਔਸਤ ਸੱਤ ਮਿਲੀਮੀਟਰ ਮੀਂਹ ਪਿਆ ਹੈ। ਕਿਸਾਨੀ ਦਾਅਵਿਆਂ ਦੇ ਉਲਟ ਉਨ੍ਹਾਂ ਕਿਹਾ ਕਿ ਹਵਾ ਨਾ ਚੱਲਣ ਕਰ ਕੇ ਹਾਲ ਦੀ ਘੜੀ ਫ਼ਸਲਾਂ ਦਾ ਬਚਾਅ ਹੈ।