Jacqueline Fernandez In Money Laundering Case : ਮਹਾਠੱਗ ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਕੇਸ ਵਿੱਚ ਫਸੀ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਸੁਣਵਾਈ ਦੌਰਾਨ ਉਸ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦਾ ਕਹਿਣਾ ਹੈ ਕਿ ਪਹਿਲਾਂ ਦੋਸ਼ ਤੈਅ ਹੋਣ ਦਿਓ। ਇਸ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਪਟੀਸ਼ਨ ਵਾਪਸ ਲੈ ਲਈ ਹੈ।
ਅਦਾਲਤ ਨੇ ਜੈਕਲੀਨ ਦੇ ਵਕੀਲ ਤੋਂ ਪੁੱਛੇ ਇਹ ਸਵਾਲ
ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਕੀ ਤੁਸੀਂ ਬਹਿਰੀਨ ਦਾ ਵੀਜ਼ਾ ਲਿਆ ਹੈ। ਇਸ 'ਤੇ ਜੈਕਲੀਨ ਦੇ ਵਕੀਲ ਨੇ ਦੱਸਿਆ ਕਿ ਵੀਜ਼ਾ ਪਹਿਲਾਂ ਤੋਂ ਹੀ ਸੀ। ਵਕੀਲ ਨੇ ਕਿਹਾ ਕਿ ਮੇਰੇ ਵੱਲੋਂ ਕੋਈ ਕਮੀ ਨਹੀਂ ਆ ਰਹੀ ਹੈ। ਮੈਂ ਕਦੇ ਵੀ ਨਿਯਮ ਨਹੀਂ ਤੋੜੇ। ਅਸੀਂ ਜ਼ਮਾਨਤ ਦੀਆਂ ਸ਼ਰਤਾਂ ਵੀ ਮੰਨ ਲਈਆਂ ਹਨ। ਇਸ ਦੇ ਨਾਲ ਹੀ ਈਡੀ ਨੇ ਕਿਹਾ ਕਿ ਮਾਮਲਾ ਬਹੁਤ ਨਾਜ਼ੁਕ ਪੜਾਅ 'ਤੇ ਹੈ। ਉਹ ਵਿਦੇਸ਼ੀ ਨਾਗਰਿਕ ਹੈ।
ਪਹਿਲਾ ਚਾਰਜ ਫਰੇਮ ਹੋਣ ਦਿਓ
ਅਦਾਲਤ ਨੇ ਪੁੱਛਿਆ ਕਿ ਜਾਂਚ ਨਾਜ਼ੁਕ ਮੋੜ 'ਤੇ ਹੈ ਤਾਂ ਇਸ ਸੂਰਤ 'ਚ ਜਾਣ ਦੀ ਕੀ ਲੋੜ ਹੈ। ਅਸੀਂ ਸਮਝਦੇ ਹਾਂ ਕਿ ਇਹ ਤੁਹਾਡੇ ਲਈ ਇੱਕ ਭਾਵਨਾਤਮਕ ਮਾਮਲਾ ਹੈ। ਤੁਸੀਂ ਆਪਣੀ ਬੀਮਾਰ ਮਾਂ ਨੂੰ ਮਿਲਣਾ ਚਾਹੁੰਦੇ ਹੋ। ਪਹਿਲਾਂ ਦੋਸ਼ ਤੈਅ ਹੋਣ ਦਿਓ। ਅਦਾਲਤ ਨੇ ਜੈਕਲੀਨ ਦੇ ਵਕੀਲ ਨੂੰ ਪਹਿਲਾਂ ਜੈਕਲੀਨ ਨਾਲ ਗੱਲ ਕਰਨ ਲਈ ਕਿਹਾ। ਤੁਸੀਂ ਪਟੀਸ਼ਨ ਵਾਪਸ ਲੈ ਸਕਦੇ ਹੋ। ਇਸ ਤੋਂ ਬਾਅਦ ਜੈਕਲੀਨ ਫਰਨਾਂਡੀਜ਼ ਨੇ ਬਹਿਰੀਨ ਜਾਣ ਦੀ ਇਜਾਜ਼ਤ ਮੰਗਣ ਵਾਲੀ ਅਰਜ਼ੀ ਵਾਪਸ ਲੈ ਲਈ।
ਕੀ ਹੈ ਪੂਰਾ ਮਾਮਲਾ ?
ਦਰਅਸਲ, ਪਿਛਲੇ ਇੱਕ ਸਾਲ ਤੋਂ ਜੈਕਲੀਨ ਫਰਨਾਂਡੀਜ਼ ਦਾ ਨਾਂ ਕਨਮੈਨ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਹੋਇਆ ਸੀ। ਦੋਵਾਂ ਦੀਆਂ ਨਿੱਜੀ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਸੁਕੇਸ਼ ਚੰਦਰਸ਼ੇਖਰ ਨੂੰ ਫਿਰੌਤੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ। ਦੋਸ਼ ਹੈ ਕਿ ਉਸ ਨੇ ਪ੍ਰਭਾਵਸ਼ਾਲੀ ਲੋਕਾਂ ਸਮੇਤ ਕਈ ਲੋਕਾਂ ਨਾਲ ਠੱਗੀ ਮਾਰੀ ਹੈ। ਇਸ 'ਚ ਕਈ ਵੱਡੇ ਸੈਲੀਬ੍ਰਿਟੀ ਅਤੇ ਅਮੀਰ ਲੋਕਾਂ ਦੇ ਨਾਂ ਸ਼ਾਮਲ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 17 ਅਗਸਤ ਨੂੰ ਦਾਇਰ ਚਾਰਜਸ਼ੀਟ ਵਿੱਚ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਾਮਲੇ ਵਿੱਚ ਜੈਕਲੀਨ ਫਰਨਾਂਡੀਜ਼ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਇਸ 'ਚ ਡਾਂਸ ਦੀਵਾ ਨੋਰਾ ਫਤੇਹੀ ਦਾ ਨਾਂ ਵੀ ਸ਼ਾਮਲ ਹੈ।
ਸੁਕੇਸ਼ ਚੰਦਰਸ਼ੇਖਰ ਤੋਂ ਕਰੋੜਾਂ ਰੁਪਏ ਦੇ ਤੋਹਫੇ
ਈਡੀ ਮੁਤਾਬਕ ਫਰਨਾਂਡੀਜ਼ ਅਤੇ ਨੋਰਾ ਫਤੇਹੀ ਨੇ ਚੰਦਰਸ਼ੇਖਰ ਤੋਂ ਮਹਿੰਗੀਆਂ ਕਾਰਾਂ ਅਤੇ ਹੋਰ ਕਈ ਤੋਹਫੇ ਲਏ ਸਨ। ਹਾਲਾਂਕਿ ਜੈਕਲੀਨ ਨੇ ਆਪਣੀ ਤਰਫੋਂ ਸਪੱਸ਼ਟੀਕਰਨ ਪੇਸ਼ ਕੀਤਾ ਹੈ। ਹਾਲ ਹੀ 'ਚ ਨੋਰਾ ਫਤੇਹੀ ਨੇ ਵੀ ਆਪਣਾ ਬਿਆਨ ਦਰਜ ਕਰਵਾਇਆ ਹੈ। ਇਸ ਤੋਂ ਇਲਾਵਾ ਨੋਰਾ ਫਤੇਹੀ ਨੇ ਜੈਕਲੀਨ 'ਤੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਨੋਰਾ ਦਾ ਦੋਸ਼ ਹੈ ਕਿ ਜੈਕਲੀਨ ਆਪਣੇ ਫਾਇਦੇ ਲਈ ਉਸ ਦਾ ਕਰੀਅਰ ਬਰਬਾਦ ਕਰ ਰਹੀ ਹੈ।