ਲੁਧਿਆਣਾ-ਪੰਜਾਬ ਆਰ ਐਸ ਐਸ ਦੇ ਨੇਤਾ ਜਗਦੀਸ਼ ਗਗਨੇਜਾ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਗਗਨੇਜਾ ਉੱਤੇ ਹਮਲਾ ਜਲੰਧਰ ਵਿੱਚ 6 ਅਗਸਤ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਕੀਤਾ ਸੀ ਜਿਸ ਵਿੱਚ ਆਰ ਐਸ ਐਸ ਦੀ ਪੰਜਾਬ ਇਕਾਈ ਦੇ ਉਪ ਪ੍ਰਧਾਨ (ਸਹਿ ਸੰਚਾਲਕ) 65 ਸਾਲਾ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।

ਹਮਲੇ ਤੋਂ ਬਾਅਦ ਗਗਨੇਜਾ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਰਕੇ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਗਗਨੇਜਾ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਬੀਤੀ ਰਾਤ ਉਹਨਾਂ ਦੀ ਸਥਿਤੀ ਹੋਰ ਵਿਗੜ ਗਈ ਜਿਸ ਕਾਰਨ ਅੱਜ ਅੱਜ ਸਵੇਰੇ 9.16 ਵਜੇ ਉਹਨਾਂ ਦੀ ਮੌਤ ਹੋ ਗਈ। ਦੂਜੇ ਪਾਸੇ ਗਗਨੇਜਾ ਉਤੇ ਹੋਏ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦਾ ਅਜੇ ਵੀ ਕੁਝ ਪਤਾ ਨਹੀਂ ਲੱਗ ਰਿਹਾ। ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗਗਨੇਜਾ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਹੈ।