ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਅਗਲੇ 10 ਦਿਨਾਂ ਵਿੱਚ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ। ਚਰਚਾ ਸੀ ਕਿ ਉਹ ਅੱਜ ਪਾਰਟੀ ਦਾ ਐਲਾਨ ਕਰਨਗੇ ਪਰ ਉਨ੍ਹਾਂ ਨੇ ਇਹ ਕੰਮ ਅੱਗੇ ਪਾ ਦਿੱਤਾ ਹੈ। ਛੋਟੇਪੁਰ ਨੇ ਕਿਹਾ ਹੈ ਕਿ ਉਹ ਨਵਜੋਤ ਸਿੱਧੂ ਨਾਲ ਮਿਲ ਕੇ ਪਾਰਟੀ ਬਣਾਉਣਾ ਚਾਹੁੰਦੇ ਸਨ ਪਰ ਹੁਣ ਉਹ ਪਾਰਟੀ ਨਹੀਂ ਬਣਾਉਣਾ ਚਾਹੁੰਦੇ।

ਕਾਬਲੇਗੌਰ ਹੈ ਕਿ ਮੀਡੀਆ ਵਿੱਚ ਚਰਚਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅੱਜ ਨਵੀਂ ਪਾਰਟੀ ਦਾ ਐਲਾਨ ਕਰਨਗੇ। ਛੋਟੇਪੁਰ ਨੇ ਪੂਰੇ ਪੰਜਾਬ ਦਾ ਦੌਰਾ ਕਰਕੇ ਆਪਣੇ ਹਮਾਇਤੀਆਂ ਦੀ ਸਲਾਹ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਵੱਖਰੀ ਪਾਰਟੀ ਬਣਾਉਣਗੇ ਤੇ ਹੋਰ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਚੋਣਾਂ ਲੜਨਗੇ।

ਇਹ ਵੀ ਚਰਚਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਨਾਂ ਵੀ ‘ਆਪ’ ਹੋਏਗਾ। ਮੰਨਿਆ ਜਾ ਰਿਹਾ ਹੈ ਕਿ ਛੋਟੇਪੁਰ ਆਮ ਲੋਕ ਪਾਰਟੀ (ਪੰਜਾਬ) ਦੇ ਨਾਂ ਹੇਠ ਨਵੀਂ ਸਿਆਸੀ ਪਾਰੀ ਖੇਡਣਗੇ। ਸੂਤਰਾਂ ਮੁਤਾਬਕ ਪਹਿਲਾਂ ਨਵੀਂ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ (ਪੰਜਾਬ) ਰੱਖਣ ਦਾ ਮਨ ਬਣਾਇਆ ਗਿਆ ਸੀ ਪਰ ਬਾਅਦ ਵਿੱਚ ਨਵੀਂ ਪਾਰਟੀ ਦਾ ਨਾਮ ਆਮ ਲੋਕ ਪਾਰਟੀ (ਪੰਜਾਬ) ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਛੋਟੇਪੁਰ ਨੇ ਕਿਹਾ ਕਿ ਅਜੇ ਕੁਝ ਵੀ ਤੈਅ ਨਹੀਂ ਹੋਇਆ।