ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਫਿਰ ਅੰਦਰੂਨੀ ਜੰਗ ਭਖਣ ਲੱਗੀ ਹੈ। ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੂਲੋ ਨੇ ਕੁਝ ਸਮਾਂ ਪਾਰਟੀ ਵਿੱਚ ਸ਼ਾਮਲ ਹੋਏ ਹੰਸ ਰਾਜ ਹੰਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦੂਲੋ ਨੇ ਕਿਹਾ ਹੈ ਕਿ ਹੰਸ ਦਲਿਤਾਂ ਨੂੰ ਵੰਡਣ ਦੀ ਸਿਆਸਤ ਕਰ ਰਹੇ ਹਨ। ਕੁਝ ਦਿਨ ਪਹਿਲਾਂ ਦਲਿਤਾਂ ਦੇ ਸਮਾਗਮ ਵਿੱਚ ਸੀਨੀਅਰ ਲੀਡਰਾਂ ਸਾਹਮਣੇ ਹੰਸ ਰਾਜ ਹੰਸ ਨੇ ਹੰਗਾਮਾ ਕੀਤਾ ਸੀ।
ਦੋਵੇਂ ਦਲਿਤ ਭਾਈਚਾਰੇ ਦੀ ਨੁਮਾਇਦੰਗੀ ਕਰਦੇ ਹਨ। ਇਸ ਲਈ ਇਹ ਟਕਰਾਅ ਕਾਂਗਰਸ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕਾਬਲੇਗੌਰ ਹੈ ਕਿ ਹੰਸ ਰਾਜ ਹੰਸ ਨੂੰ ਇਹ ਲਾਰਾ ਲੈ ਕੇ ਅਕਾਲੀ ਦਲ ਤੋਂ ਕਾਂਗਰਸ ਵਿੱਚ ਲਿਆਂਦਾ ਗਿਆ ਸੀ ਕਿ ਉਨ੍ਹਾਂ ਨੂੰ ਰਾਜ ਸਭਾ ਮੈਂਬਰੀ ਦਿੱਤੀ ਜਾਏਗੀ ਪਰ ਦੂਲੋ ਦੇ ਵਿਰੋਧ ਕਾਰਨ ਉਨ੍ਹਾਂ ਦੀਆਂ ਸੱਧਰਾਂ ਪੂਰੀਆਂ ਨਾ ਹੋ ਸਕੀਆਂ।
ਦੂਲੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਪਾਰਟੀ ਲਈ ਕੁਰਬਾਨੀਆਂ ਦਿੱਤੀਆਂ ਹਨ। ਅੱਤਵਾਦ ਦੇ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਲੋਕ ਸ਼ਹੀਦ ਹੋਏ ਸੀ ਪਰ ਹੁਣ ਕੁਝ ਲੋਕ ਦਲਿਤਾਂ ਦੇ ਨਾਂ 'ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਬਾਲਮੀਕੀ ਭਾਈਚਾਰੇ ਦਾ ਸਨਮਾਨ ਕਰਦੀ ਹੈ। ਹੰਸ ਬਾਲਮੀਕੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ ਜਿਸ ਦਾ ਦੁਆਬੇ ਵਿੱਚ ਚੰਗਾ ਆਧਾਰ ਹੈ।