ਜਲੰਧਰ: ਪੰਜਾਬ ਸਰਕਾਰ ਚਾਹੇ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਠੀਕ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਪੰਜਾਬ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਇਸ ਦੀ ਮਿਸਾਲ ਮੰਗਲਵਾਰ ਨੂੰ ਜਲੰਧਰ ਦੇ ਪਾਸ਼ ਇਲਾਕੇ ਵਿੱਚ ਮਿਲੀ।
ਇੱਥੋ ਦੇ ਪਾਸ਼ ਇਲਾਕੇ ਮਾਡਲ ਟਾਉਨ 'ਚ ਮੰਗਲਵਾਰ ਸ਼ਾਮ ਛੇ ਵਜੇ ਡੇਅਰੀ ਕਾਰੋਬਾਰੀ ਦੀ ਪਤਨੀ ਤੇ ਉਨ੍ਹਾਂ ਦੇ ਨੌਕਰ ਦਾ ਕਤਲ ਕਰ ਦਿੱਤਾ ਗਿਆ। ਦਰਅਸਲ ਮਾਡਲ ਟਾਉਨ ਵਿੱਚ ਰਹਿਣ ਵਾਲੇ ਹਾਂਡਾ ਡੇਅਰੀ ਦੇ ਮਾਲਕ ਪ੍ਰਿਥਵੀ ਹਾਂਡਾ ਸ਼ਾਮ ਪੰਜ ਵਜੇ ਡੇਅਰੀ ਲਈ ਨਿਕਲੇ ਸਨ। ਉਨ੍ਹਾਂ ਦੇ ਜਾਣ ਮਗਰੋਂ ਕੁਝ ਲੁਟੇਰੇ ਘਰ ਦੇ ਅੰਦਰ ਘੁੱਸੇ ਤੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਇਹ ਵਾਰਦਾਤ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਸ਼ਾਮ ਛੇ ਵਜੇ ਉਨ੍ਹਾਂ ਦੇ ਪੁੱਤਰ ਜਤਿਨ ਆਪਣੇ ਘਰ ਪੁੱਜਿਆ। ਕਈ ਵਾਰ ਘੰਟੀ ਵਜਾਉਣ 'ਤੇ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਦੀਵਾਰ ਚੜ੍ਹ ਕੇ ਘਰ ਦੇ ਅੰਦਰ ਛਾਲ ਮਾਰ ਗਿਆ। ਮਾਂ ਸੁਜਾਤਾ ਜ਼ਖਮੀ ਹਾਲਤ ਵਿੱਚ ਸੀ। ਇਸ ਤੋਂ ਬਾਅਦ ਜਤਿਨ ਆਪਣੀ ਮਾਂ ਨੂੰ ਹਸਪਤਾਲ ਲੈ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਜਦੋਂ ਲੋਕ ਘਰ ਪੁੱਜੇ ਤਾਂ ਨੌਕਰ ਦੀ ਲਾਸ਼ ਵੀ ਘਰ ਵਿੱਚ ਹੀ ਪਈ ਸੀ। ਦੋਹਾਂ ਦੇ ਸਿਰ 'ਤੇ ਬੇਸ ਬੈਟ ਨਾਲ ਹਮਲਾ ਕੀਤਾ ਗਿਆ ਸੀ।
ਸ਼ੁਰੂਆਤੀ ਜਾਣਕਾਰੀ ਮੁਤਾਬਕ, ਜਦੋਂ ਜਤਿਨ ਘਰ ਪਹੁੰਚਿਆ ਤਾਂ ਗੱਡੀ ਸਟਾਰਟ ਸੀ ਤੇ ਘਰ ਦੀ ਸੇਫ ਉਸ ਵਿੱਚ ਪਈ ਸੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਸੁਜਾਤਾ ਲੁਟੇਰਿਆਂ ਨੂੰ ਗੱਡੀ ਦੀ ਚਾਬੀ ਨਹੀਂ ਦੇ ਰਹੀ ਹੋਵੇਗੀ, ਇਸ ਲਈ ਉਸ 'ਤੇ ਹਮਲਾ ਕੀਤਾ ਗਿਆ। ਕਈ ਥਾਵਾਂ ਤੋਂ ਕੱਪੜੇ ਫਟੇ ਹੋਣ ਕਾਰਨ ਲੱਗਦਾ ਹੈ ਕਿ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਹੋਈ ਸੀ ਪਰ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਸਟੀਕ ਜਾਣਕਾਰੀ ਹੋਣ ਤੋਂ ਇਨਕਾਰ ਕਰ ਰਹੀ ਹੈ। ਪੁਲਿਸ ਨੇ ਘਰ ਵਿੱਚੋਂ ਹਾਕੀ ਤੇ ਬੇਸਬੈਟ ਬਰਾਮਦ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।