ਜਲੰਧਰ : ਸ਼ਹਿਰ ਵਿੱਚ ਹੋਏ ਹਾਂਡਾ ਡੇਅਰੀ ਦੇ ਮਾਲਕ ਦੀ ਪਤਨੀ ਤੇ ਉਨ੍ਹਾਂ ਦੇ ਨੌਕਰ ਦੇ ਡਬਲ ਕਤਲ ਕਾਂਡ ਦੇ ਮੁਲਜ਼ਮ ਨੂੰ ਪੁਲਿਸ ਨੇ ਇੱਕ ਰਾਤ ਵਿੱਚ ਹੀ ਲੱਭ ਲਿਆ ਹੈ। ਬੀਤੇ ਕੱਲ੍ਹ ਹੋਏ ਇਸ ਕਤਲ ਕਾਂਡ ਵਿੱਚ ਦੋ ਗ੍ਰਿਫਤਾਰੀਆਂ ਹੋਈਆਂ ਹਨ।
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਦੱਸਿਆ ਕਿ ਉਹ ਹਾਂਡਾ ਡੇਅਰੀ ਵਿੱਚ ਕੰਮ ਕਰਦਾ ਸੀ। ਉਸ ਵੇਲੇ ਉਸ ਨੇ ਡੇਅਰੀ ਮਾਲਕ ਤੋਂ 10 ਹਜ਼ਾਰ ਰੁਪਏ ਉਧਾਰ ਲਏ ਸਨ। ਇਸ ਤੋਂ ਬਾਅਦ ਉਹ ਛੁੱਟੀਆਂ ਲੈਣ ਲੱਗ ਪਿਆ ਜਿਸ ਕਰਕੇ ਡੇਅਰੀ ਮਾਲਕ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਦਾ ਬਦਲਾ ਲੈਣ ਲਈ ਹੀ ਮੁਲਜ਼ਮ ਨੇ ਦੋਸਤਾਂ ਨਾਲ ਮਿਲਕੇ ਲੁੱਟ ਦੀ ਪਲਾਨਿੰਗ ਬਣਾਈ ਸੀ।
ਪਲਾਨ ਇਹ ਸੀ ਕਿ ਮਾਲਕਨ ਦੀ ਹੱਤਿਆ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਗੇ ਤੇ ਨੌਕਰ ਦਾ ਕਤਲ ਕਰ ਬਾਹਰ ਕਿਤੇ ਉਸ ਦੀ ਲਾਸ਼ ਸੁੱਟ ਦੇਣਗੇ ਤਾਂ ਕਿ ਸਭ ਨੂੰ ਲੱਗੇ ਕਿ ਨੌਕਰ ਮਾਲਕਨ ਦੀ ਹੱਤਿਆ ਕਰ ਫਰਾਰ ਹੋ ਗਿਆ। ਉਸ ਦਿਨ ਮੰਗਲਵਾਰ ਸੀ ਤੇ ਡੇਅਰੀ ਮਾਲਕ ਦਾ ਪੁੱਤਰ ਉਸ ਦਿਨ ਮੰਦਰ ਜਾਂਦਾ ਸੀ। ਵਾਰਦਾਤ ਵਾਲੇ ਦਿਨ ਉਹ ਮੰਦਰ ਜਾਣ ਦੀ ਬਜਾਏ ਘਰ ਚਲਾ ਗਿਆ ਪਰ ਉਸ ਵੇਲੇ ਤੱਕ ਮਾਂ ਤੇ ਨੌਕਰ ਦੀ ਹੱਤਿਆ ਹੋ ਚੁੱਕੀ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਅੰਕੁਸ਼ ਤੋਂ ਇਲਾਵਾ ਉਸ ਦੇ ਭਰਾ ਵਿਸ਼ਾਲ ਤੇ ਤਿੰਨ ਹੋਰ ਨੌਜਵਾਨਾਂ
'ਤੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਸਤੀਸ਼ ਤੇ ਮਲਕੀਤ ਦੋ ਹੋਰ ਮੁਲਜ਼ਮ ਹਨ। ਇੱਕ ਦੇ ਬਾਰੇ ਵਿੱਚ ਹਾਲੇ ਪੁਲਿਸ ਨੂੰ ਹੋਰ ਕੋਈ ਜਾਣਕਾਰੀ ਨਹੀਂ। ਪੁਲਿਸ ਨੇ ਵਿਸ਼ਾਲ ਤੇ ਮਲਕੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਚਾਰੋਂ ਮੁਲਜ਼ਮ 18 ਤੋਂ 20 ਸਾਲ ਦੇ ਸਕੂਲ ਡਰਾਪ ਆਉਟਸ ਹਨ।