ਚੰਡੀਗੜ੍ਹ: ਭੋਲਾ ਨਸ਼ਾ ਤਸਕਰੀ ਮਾਮਲੇ ਦੇ ਮੁਲਜ਼ਮ ਜਗਜੀਤ ਸਿੰਘ ਚਹਿਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਚਹਿਲ ਨੇ ਹਾਈਕੋਰਟ ਤੋਂ ਰਾਹਤ ਨਾ ਮਿਲਣ ਮਗਰੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਸਰਬਉੱਚ ਅਦਾਲਤ ਨੇ ਅੱਜ ਚਹਿਲ ਨੂੰ ਜ਼ਮਾਨਤ ਦੇ ਦਿੱਤੀ।


ਯਾਦ ਰਹੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜਗਜੀਤ ਚਾਹਲ ਨੂੰ ਮਈ, 2017 ਵਿੱਚ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਚਹਿਲ ਲਗਾਤਾਰ ਜ਼ਮਾਨਤ ਲਈ ਜੱਦੋ-ਜਹਿਦ ਕਰ ਰਿਹਾ ਹੈ। ਉਸ ਨੇ ਪਹਿਲਾਂ ਹੇਠਲੀ ਅਦਾਲਤ ਤੇ ਫਿਰ ਹਾਈਕੋਰਟ ਵਿੱਚ ਜ਼ਮਾਨਤ ਅਰਜ਼ੀ ਲਾਈ। ਇਸ ਮਗਰੋਂ ਉਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਿੱਥੇ ਉਸ ਨੂੰ ਰਾਹਤ ਮਿਲੀ ਹੈ।

ਈਡੀ ਨੇ ਜਗਜੀਤ ਚਹਿਲ ਖਿਲਾਫ ਕੇਸ ਦਰਜ ਕੀਤਾ ਸੀ ਕਿ ਉਹ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨਾਲ ਕਰੋੜਾਂ ਦੀ ਡਰੱਗਜ਼ ਤਸਕਰੀ ਵਿੱਚ ਸਹਿ ਦੋਸ਼ੀ ਹੈ। ਈਡੀ ਉਸ ਦੀ 54 ਕਰੋੜ ਦੀ ਜਾਇਦਾਦ ਵੀ ਜ਼ਬਤ ਕਰ ਚੁੱਕੀ ਹੈ।

ਈਡੀ ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਮੇਤ 13 ਲੋਕਾਂ ਦੇ 61.61 ਕਰੋੜ ਰੁਪਏ ਦੀ ਜਾਇਦਾਦਾਂ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿੱਚ ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਸਿੰਘ ਚਹਿਲ, ਪਰਮਜੀਤ ਸਿੰਘ ਚਹਿਲ ਤੇ ਇੰਦਰਜੀਤ ਕੌਰ ਦੀ ਕਰੀਬ 54.59 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਸੀ।

ਭੋਲਾ ਦੀ ਨੇੜਤਾ ਜਗਜੀਤ ਚਹਿਲ ਨਾਲ ਸੀ। ਇਸ ਕੇਸ ਵਿੱਚ ਚਹਿਲ ਦਾ ਕਨੈਕਸ਼ਨ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਵੀ ਦੱਸਿਆ ਗਿਆ ਸੀ।