ਜਲੰਧਰ/ਚੰਡੀਗੜ੍ਹ: ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਸੂਬੇ ਵਿੱਚ ਦੋ ਘੰਟੇ ਤੱਕ ਪੰਜਾਬ ਰੋਡਵੇਜ਼ ਤੇ ਪਨਬਸ ਦਾ ਚੱਕਾ ਜਾਮ ਰੱਖਿਆ। ਮੁਲਾਜ਼ਮਾਂ ਵੱਲੋਂ ਬੱਸ ਅੱਡਿਆਂ ਦੇ ਸਾਰੇ ਗੇਟਾਂ ਬਾਹਰ ਧਰਨਾ ਲਾ ਦਿੱਤਾ ਗਿਆ ਜਿਸ ਨਾਲ ਤਿੰਨ ਘੰਟੇ ਤੱਕ ਕੋਈ ਬੱਸ ਨਾ ਤਾਂ ਬੱਸ ਅੱਡੇ ਅੰਦਰ ਜਾ ਸਕੀ ਤੇ ਨਾ ਹੀ ਬਾਹਰ ਆ ਸਕੀ। ਮੁਲਾਜ਼ਮਾਂ ਨੇ ਕੈਪਟਨ ਸਰਕਾਰ 'ਤੇ ਰੋਡਵੇਜ਼ ਕਰਮਚਾਰੀਆਂ ਤੇ ਰੋਡਵੇਜ਼ ਵੱਲ ਧਿਆਨ ਨਾ ਦੇਣ ਦਾ ਇਲਜ਼ਾਮ ਲਾਇਆ।

ਜਲੰਧਰ ਦੇ ਬੱਸ ਅੱਡੇ ਦੇ ਗੇਟਾਂ ਸਾਹਮਣੇ ਬੈਠੇ ਰੋਡਵੇਜ਼ ਦੇ ਠੇਕਾ ਮੁਲਾਜ਼ਮ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਪਿਛਲੇ ਦੋ ਸਾਲ ਤੋਂ ਮੰਗਾਂ ਦੱਸ ਰਹੇ ਹਨ। ਸਰਕਾਰ ਨੇ ਜਦੋਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਧਰਨਾ ਲਾਉਣਾ ਪਿਆ। ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਫਰ ਕਰ ਰਹੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਮੁਸਾਫਰ ਕਈ ਘੰਟਿਆਂ ਤੱਕ ਬੱਸ ਅੱਡਿਆਂ ਅੰਦਰ ਫਸੇ ਰਹੇ।

ਮੋਗਾ: ਅੱਜ ਤੇ ਕੱਲ੍ਹ ਪੂਰੇ ਪੰਜਾਬ ਵਿੱਚ ਰੋਡਵੇਜ਼ ਤੇ ਪਨਬਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਵਜੋਂ ਪਨਬਸ ਤੇ ਰੋਡਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਕੀਤਾ। ਹੜਤਾਲ ਦੌਰਾਨ ਪਨਬਸ ਦੀਆਂ ਸਾਰੀਆਂ ਬੱਸਾਂ ਮੁਕੰਮਲ ਬੰਦ ਰਹੀਆਂ।

ਪਨਬਸ ਵਿੱਚ ਕੰਮ ਕਰ ਰਹੇ ਠੇਕਾ ਮੁਲਜ਼ਮਾਂ ਦੀਆਂ ਮੁੱਖ ਮੰਗ ਹਨ :

1. ਪਨਬਸ ਅੰਦਰ ਕੰਮ ਕਰ ਰਹੇ ਮੁਲਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ।

2. ਸੁਪਰੀਮ ਕੋਰਟ ਦਾ ਬਰਾਬਰ ਕੰਮ-ਬਰਾਬਰ ਤਨਖਾਹ ਵਾਲਾ ਫਾਰਮੂਲਾ ਲਾਗੂ ਕਰ ਤਨਖਾਹ ਵਿੱਚ ਵਾਧਾ ਕੀਤਾ ਜਾਵੇ।

3. ਵਰਕਰਾਂ ਤੇ ਲੱਗੀਆਂ ਨਾਜਇਜ਼ ਕੰਡੀਸ਼ਨਾਂ ਮੁੱਢ ਤੋਂ ਰੱਦ ਕਰਕੇ ਵਰਕਰਾਂ ਨੂੰ ਡਿਉਟੀ 'ਤੇ ਲਇਆ ਜਾਵੇ।

4. ਪਨਬਸ ਕਰਮਚਾਰੀਆਂ 'ਤੇ ਰੋਡਵੇਜ਼ ਵਾਲੇ ਕਾਨੂੰਨ ਲਾਗੂ ਕੀਤੇ ਜਾਣ।

5. ਪਨਬਸ ਅੰਦਰ ਕੰਮ ਕਰਦੇ ਵਰਕਰਾਂ ਦੀ ਕੰਮ ਦੌਰਾਨ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।