ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਲੀਡਰ ਜਗਮੀਤ ਸਿੰਘ ਬਰਾੜ 10 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੇ ਇਹ ਦਾਅਵਾ 'ਏਬੀਪੀ ਸਾਂਝਾ' ਨਾਲ ਫੋਨ ਉੱਪਰ ਗੱਲਬਾਤ ਕਰਦਿਆਂ ਕੀਤਾ ਹੈ। ਜਗਮੀਤ ਬਰਾੜ ਨੇ ਕਿਹਾ ਕਿ ਅੱਜ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਇਆ ਹਾਂ ਤੇ ਇਹ ਸਭ ਤੋਂ ਉੱਚੀ ਸੰਸਥਾ ਹੈ। ਹੁਣ ਮੈਂ ਕਿਸੇ ਵੀ ਦੁਨਿਆਵੀ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗਾ।
ਜਗਮੀਤ ਬਰਾੜ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਅਕਾਲੀ ਸੀ ਤੇ ਅਕਾਲੀ ਹੀ ਰਹਾਂਗਾ। ਹੁਣ ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਮੈਨੂੰ ਕੀ ਜ਼ਿੰਮੇਵਾਰੀ ਸੌਂਪਣੀ ਹੈ ਤੇ ਉਨ੍ਹਾਂ ਨੇ ਮੇਰੇ ਬਾਰੇ ਕੀ ਫੈਸਲਾ ਲੈਣਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਗੱਲਬਾਤ ਹੋਈ ਹੈ।
ਬਰਾੜ ਨੇ ਕਿਹਾ ਕਿ ਮੈਂ ਅਜੇ ਤੱਕ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਪਰ ਅਕਾਲੀ ਦਲ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਅੱਗੇ ਕੀ ਕਰਨਾ ਹੈ।
ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਉਨ੍ਹਾਂ ਨੂੰ ਅਨੁਸ਼ਾਸ਼ਨੀ ਕਮੇਟੀ ਅੱਗੇ ਪੇਸ਼ ਹੋਣ ਲਈ ਸੱਦਿਆ ਗਿਆ ਸੀ ਪਰ ਉਨ੍ਹਾਂ ਨੇ ਮੰਗਲਵਾਰ, 6 ਦਸੰਬਰ ਨੂੰ ਕੋਈ ਰੁਝੇਵੇਂ ਹੋਣ ਕਾਰਨ ਅਨੁਸ਼ਾਸਨੀ ਕਮੇਟੀ ਅੱਗੇ 10 ਦਸੰਬਰ ਨੂੰ ਪੇਸ਼ ਹੋਣ ਦੀ ਗੱਲ ਆਖ਼ੀ ਸੀ। ਇਸੇ ਦੌਰਾਨ ਉਹ ਅੱਜ ਅੰਮ੍ਰਿਤਸਰ ਪੁੱਜ ਗਏ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜਥੇਦਾਰ ਨਾਲ ਮੁਲਾਕਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਬਾਰੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ ਅਤੇ ਉਹ ਅਕਾਲੀ ਲੀਡਰ ਵਜੋਂ ਨਹੀਂ ਸਗੋਂ ਇਕ ਸੱਚੇ ਸਿੱਖ ਵਾਂਗ ਜਥੇਦਾਰ ਨੂੰ ਮਿਲੇ ਹਨ।
ਇਸ ਮੌਕੇ ਜਗਮੀਤ ਬਰਾੜ ਨੇ ਕਿਹਾ ਕਿ ਉਹ ਪਾਰਟੀ ਦੇ ਵਰਕਰ ਵਜੋਂ ਉਹ ਆਪਣਾ ਕੰਮ ਜਾਰੀ ਰੱਖਣਗੇ ਕਿਉਂਕਿ ਇਹ ਸਾਰੀ ਦੁਨੀਆਂ ਸਮਝਦੀ ਹੈ ਕਿ ਖ਼ੇਤਰੀ ਪਾਰਟੀ ਵਜੋਂ ਅਕਾਲੀ ਦਲ ਦਾ ਕਮਜ਼ੋਰ ਹੋਣ ਦਾ ਮਤਲਬ ਹੈ ਕਿ ਪੰਜਾਬ ਅਤੇ ਸਿੱਖ ਕੌਮ ਕਮਜ਼ੋਰ ਪੈ ਜਾਵੇਗੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।