ਚੰਡੀਗੜ੍ਹ: ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਮਗਰੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੋਮਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਐਲਾਨ ਕੀਤਾ ਹੈ। ਉਹ ਇਸ ਮਾਮਲੇ ਨੂੰ ਸੰਸਦ ਵਿੱਚ ਵੀ ਉਠਾਉਣਗੇ।
ਭਗਵੰਤ ਮਾਨ ਨੇ ਕਿਹਾ ਕਿ ਜਿਸ ਕਰੂਰਤਾ ਤੇ ਵਹਿਸ਼ੀਆਨਾ ਤਰੀਕੇ ਨਾਲ ਜਗਮੇਲ ਨੂੰ ਨੋਚ-ਨੋਚ ਕੇ ਮਾਰਿਆ ਗਿਆ ਤੇ ਕੁੱਟ-ਵੱਢ ਦੌਰਾਨ ਉਸ ਨੂੰ ਪਿਸ਼ਾਬ ਪਿਲਾਇਆ ਗਿਆ, ਉਸ ਦੀ ਜਿੰਨੀ ਨਿਖੇਧੀ ਹੋ ਸਕੇ, ਓਨੀ ਥੋੜ੍ਹੀ ਹੈ। ਅਜਿਹਾ ਗੈਰ-ਮਨੁੱਖੀ ਕਾਰਾ ਕਰਨ ਵਾਲੇ ਜ਼ਾਲਮਾਂ ਨੂੰ ਮਿਸਾਲੀਆ ਸਜ਼ਾ ਮਿਲੇ ਤਾਂ ਕਿ ਭਵਿੱਖ 'ਚ ਕੋਈ ਅਜਿਹਾ ਖੋਫਨਾਕ ਕਾਰਾ ਕਰਨ ਦੀ ਸੋਚ ਵੀ ਨਾ ਸਕੇ। ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਲਪੇਟਦਿਆਂ ਕਿਹਾ ਕਿ ਜੇਕਰ ਬਾਦਲ ਸਰਕਾਰ ਵੇਲੇ ਅਬੋਹਰ 'ਚ ਦਲਿਤ ਨੌਜਵਾਨ ਭੀਮ ਟਾਂਕ ਦੀ ਹੱਤਿਆ ਬਾਦਲ ਪਰਿਵਾਰ ਦੇ ਅਤਿ ਕਰੀਬੀ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਤੇ ਹੋਰ ਲੋਕਾਂ ਵੱਲੋਂ ਕੀਤੀ ਗਈ। ਇਸ ਘਿਨੌਣੀ ਹੱਤਿਆ ਲਈ ਮਿਸਾਲੀਆਂ ਸਜ਼ਾ ਦਿੱਤੀ ਹੁੰਦੀ ਤਾਂ ਚੰਗਾਲੀਵਾਲਾ ਦੇ ਅਪਰਾਧੀ ਵੀ ਅਜਿਹਾ ਕਰਨ ਤੋਂ ਡਰਦੇ। ਮਾਨ ਨੇ ਕਿਹਾ ਕਿ ਨਾ ਤਾਂ ਬਾਦਲ ਵੇਲੇ ਕਾਨੂੰਨ ਦਾ ਰਾਜ ਸੀ ਤੇ ਨਾ ਹੀ ਹੁਣ ਹੈ।
ਭਗਵੰਤ ਮਾਨ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਾਂਚ ਦੇ ਘੇਰੇ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਉਨ੍ਹਾਂ ਦੇ ਭਤੀਜੇ ਤੇ ਸਲਾਹਕਾਰ ਹੈਨਰੀ ਤੇ ਐਸਐਚਓ ਲਹਿਰਾਗਾਗਾ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚੋਂ ਸਿਆਸੀ ਬੂ ਆ ਰਹੀ ਹੈ। ਮਾਨ ਨੇ ਦੱਸਿਆ ਕਿ ਘਟਨਾ 7 ਨਵੰਬਰ ਨੂੰ ਵਾਪਰੀ ਜਦਕਿ ਐਫਆਈਆਰ 6 ਦਿਨ ਬਾਅਦ ਨੂੰ ਉਦੋਂ ਦਰਜ ਕੀਤੀ ਜਦੋਂ ਜਗਮੇਲ ਦੀ ਹਾਲਤ ਅਤਿ ਗੰਭੀਰ ਹੋ ਗਈ। ਕਿਸ ਸਿਆਸੀ ਦਬਾਅ ਥੱਲੇ ਐਨੇ ਦਿਨ ਮਾਮਲਾ ਨਹੀਂ ਦਰਜ ਕੀਤਾ ਗਿਆ, ਐਸਐਚਓ ਲਹਿਰਾਗਾਗਾ ਤੋਂ ਇਸ ਦੀ ਬਰੀਕੀ ਨਾਲ ਪੁੱਛ ਗਿੱਛ ਕਰਨੀ ਬਣਦੀ ਹੈ।
ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ 'ਸਰਕਾਰ' ਯੂਰਪੀ ਦੇਸ਼ਾਂ 'ਚ ਆਪਣੀ 'ਕਿਚਨ ਕੈਬਨਿਟ' ਨਾਲ ਮਸਤ ਹੋ ਕੇ 'ਸ਼ਿਕਾਰ' ਖੇਡਣ ਗਈ ਹੋਈ ਹੈ, ਇੱਥੇ ਲਾਵਾਰਸ ਸੂਬੇ 'ਚ ਦਰਿੰਦੇ ਇਨਸਾਨੀਅਤ ਦਾ 'ਸ਼ਿਕਾਰ' ਖੇਡਣ 'ਤੇ ਉਤਰ ਆਏ ਹਨ। ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹੋਰ ਸੀਨੀਅਰ ਤੇ ਸਥਾਨਕ ਆਗੂਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮ੍ਰਿਤਕ ਜਗਮੇਲ ਤੇ ਉਸ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੱਗੇ 'ਮੋਰਚੇ' 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।
ਭਗਵੰਤ ਮਾਨ ਵੱਲੋਂ ਜਗਮੇਲ ਕਤਲ ਕਾਂਡ ਨੂੰ ਲੈ ਕੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਐਲਾਨ
ਏਬੀਪੀ ਸਾਂਝਾ
Updated at:
17 Nov 2019 05:09 PM (IST)
ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਮਗਰੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੋਮਵਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਐਲਾਨ ਕੀਤਾ ਹੈ। ਉਹ ਇਸ ਮਾਮਲੇ ਨੂੰ ਸੰਸਦ ਵਿੱਚ ਵੀ ਉਠਾਉਣਗੇ।
- - - - - - - - - Advertisement - - - - - - - - -