ਚੰਡੀਗੜ੍ਹ: ਜੇਲ੍ਹ ਵਿੱਚ ਨਜ਼ਰਬੰਦ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ 25 ਨਵੰਬਰ ਨੂੰ ਬਰਗਾੜੀ ਮੋਰਚੇ ’ਤੇ ਪੰਥਕ ਏਕਤਾ ਲਈ ਛੇ ਦਲਾਂ ਨੂੰ ਭੰਗ ਕੀਤੇ ਜਾਣ ਦੀ ਪਹਿਲ ਦਾ ਸਵਾਗਤ ਕੀਤਾ ਹੈ। ਹਵਾਰਾ ਨੇ ਆਪਣੇ ਬੁਲਾਰੇ ਤੇ ਵਕੀਲ ਅਮਰ ਸਿੰਘ ਚਾਹਲ ਰਾਹੀਂ ਭੇਜੇ ਸੁਨੇਹੇ ਵਿੱਚ ਕਿਹਾ ਹੈ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਪੰਥਕ ਏਕਤਾ ਲਈ ਯਤਨ ਕਰਦੇ ਆ ਰਹੇ ਹਨ। ਵੱਖ-ਵੱਖ ਧਿਰਾਂ ਵੱਲੋਂ ਛੇ ਦਲ ਭੰਗ ਕਰਕੇ ਇੱਕ ਜਥੇਬੰਦੀ ਬਣਾਏ ਜਾਣ ਦਾ ਐਲਾਨ ਇਸ ਸਬੰਧੀ ਮੁੱਢਲੀ ਪ੍ਰਾਪਤੀ ਹੈ।
ਹਵਾਰਾ ਨੇ ਕਿਹਾ ਕਿ ਸਿੱਖ ਕੌਮ ਦਾ ਜਦੋਂ ਵੀ ਨੁਕਸਾਨ ਹੋਇਆ, ਸਿਰਫ਼ ਆਪਸੀ ਫੁੱਟ ਕਾਰਨ ਹੋਇਆ ਹੈ, ਇਸ ਲਈ ਪੰਥਕ ਏਕਤਾ ਇਸ ਸਮੇਂ ਸਾਡੀ ਮੁੱਢਲੀ ਲੋੜ ਹੈ। ਯਾਦ ਰਹੇ ਬਰਗਾੜੀ ਮੋਰਚੇ 'ਤੇ ਬੈਠੇ ਮੁਤਵਾਜ਼ੀ ਜਥੇਦਾਰਾਂ ਤੇ ਗਰਮਖਿਆਲੀਆਂ ਨੇ ਪੰਜਾਬ ਦਾ ਧਾਰਮਿਕ ਤੇ ਸਿਆਸੀ ਨਿਜ਼ਾਮ ਬਦਲਣ ਲਈ ਨਵਾਂ ਅਕਾਲੀ ਦਲ ਬਣਾਉਣ ਦਾ ਸੱਦਾ ਦਿੱਤਾ ਸੀ। ਬੀਤੇ ਐਤਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਬਾਅਦ ਸਾਰੇ ਪੰਥਕ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਧੀ ਚੁਣੌਤੀ ਦੇਣ ਲਈ ਇਹ ਐਲਾਨ ਕੀਤਾ ਸੀ।
ਉਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪੰਥ ਤੇ ਪੰਥਕ ਏਜੰਡੇ ਨਾਲ ਕੋਈ ਲੈਣ ਦੇਣ ਨਹੀਂ। ਇਹ ਪਾਰਟੀ ਸਿਰਫ਼ ਬਾਦਲਾਂ ਦੀ ਜਾਗੀਰ ਹੀ ਬਣ ਗਈ ਹੈ। ਉਨ੍ਹਾਂ ਸਾਰੇ ਪੰਥ ਦਰਦੀਆਂ ਨੂੰ ਨਵਾਂ ਤੇ ਸੱਚਾ ਅਕਾਲੀ ਦਲ ਖੜ੍ਹਾ ਕਰਨ ਦਾ ਸੱਦਾ ਦਿੱਤਾ। ਇਹ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਾਏ ਗਏ ਬਰਗਾੜੀ ਇਨਸਾਫ਼ ਮੋਰਚੇ ਤੋਂ ਸਿਆਸੀ ਪਾਰਟੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੋਵੇ।